ਅੰਮ੍ਰਿਤਸਰ: ਭਾਰਤ ਦੇ ਸੰਵਿਧਾਨ ਵਿੱਚ ਭਾਵੇਂ ਦੇਸ਼ ਦੇ ਹਰ ਨਾਗਰਿਕ ਨੂੰ ਬਰਾਬਰ ਦਰਜਾ ਦਿੱਤਾ ਗਿਆ ਹੈ ਪਰ ਅਜੇ ਵੀ ਕਈ ਲੋਕ ਅਜਿਹੇ ਹਨ ਜੋ ਕਿ ਜਾਤ-ਪਾਤ ਦਾ ਮਤਭੇਦ ਰੱਖਦੇ ਹਨ। ਅਜਿਹਾ ਹੀ ਮਾਮਲਾ ਅੰਮ੍ਰਿਤਸਰ 'ਚ ਵੇਖਣ ਨੂੰ ਮਿਲਿਆ। ਇੱਥੇ ਕੁੱਝ ਧਨਾਢ ਲੋਕਾਂ ਵੱਲੋਂ ਇੱਕ ਦਲਿਤ ਵਿਅਕਤੀ ਨਾਲ ਧੱਕੇਸ਼ਾਹੀ ਕੀਤੀ ਗਈ।
ਦਲਿਤ ਵਿਅਕਤੀ ਨਾਲ ਧਨਾਢਾਂ ਨੇ ਕੀਤਾ ਅਣਮਨੁੱਖੀ ਵਿਵਹਾਰ ਤੇ ਕੁੱਟਮਾਰ - ਜਾਤ-ਪਾਤ ਦਾ ਮਤਭੇਦ
ਅੰਮ੍ਰਿਤਸਰ 'ਚ ਕੁੱਝ ਲੋਕਾਂ ਵੱਲੋਂ ਇੱਕ ਦਲਿਤ ਵਿਅਕਤੀ ਨਾਲ ਅਣਮਨੁੱਖੀ ਵਿਵਹਾਰ ਤੇ ਕੁੱਟਮਾਰ ਕੀਤੀ ਗਈ ਹੈ। 17 ਜੁਲਾਈ ਨੂੰ ਵਾਪਰੀ ਇਸ ਘਟਨਾ 'ਤੇ ਅਜੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ।
ਦਿਆਲ ਸਿੰਘ ਦੀ ਪਤਨੀ ਕੁਲਵਿੰਦਰ ਕੌਰ ਦਾ ਕਹਿਣਾ ਹੈ ਕਿ 17 ਜੁਲਾਈ ਨੂੰ ਵਾਪਰੀ ਘਟਨਾ 'ਤੇ ਅਜੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਸਬੰਧ ਵਿੱਚ ਉਹ 3 ਵਾਰ ਐਸਐਸਪੀ ਤਰਨਤਾਰਨ ਅਤੇ ਹੋਰ ਪੁਲਿਸ ਅਧਿਕਾਰੀਆਂ ਨੂੰ ਲਿਖਤੀ ਰੂਪ ਸ਼ਿਕਾਇਤ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਵਾਰ-ਵਾਰ ਸ਼ਿਕਾਇਤ ਕੀਤੇ ਜਾਣ ਮਗਰੋਂ ਵੀ ਅਮਨੁੱਖੀ ਵਿਵਹਾਰ ਕਰਨ ਵਾਲੇ ਧਨਾਢ ਮੁਲਜ਼ਮ ਖੁੱਲ੍ਹੇਆਮ ਘੁੰਮ ਰਹੇ ਹਨ। ਕੁਲਵਿੰਦਰ ਕੌਰ ਨੇ ਦੱਸਿਆ ਕਿ 2 ਟਰੈਕਟਰਾਂ ਨਾਲ ਉਨ੍ਹਾਂ ਦਾ ਮੱਕੀ ਤੇ ਬਾਜਰਾ ਜੋ ਬੀਜਿਆ ਸੀ, ਉਸ ਨੂੰ ਵਾਹ ਦਿੱਤਾ ਗਿਆ। ਪੁਲਿਸ ਨੂੰ ਉਸੇ ਸਮੇਂ ਬੁਲਾਇਆ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।ਪੀੜਤ ਦੰਪਤੀ ਨੇ ਮੁਲਜ਼ਮਾਂ ਵੱਲੋਂ ਧਮਕੀਆਂ ਦੇਣ ਦੀ ਗੱਲ ਆਖੀ। ਉਨ੍ਹਾਂ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਕਰਦਿਆਂ ਉਕਤ ਮੁਲਜ਼ਮਾਂ 'ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਸਬੰਧੀ ਜਦੋਂ ਈਟੀਵੀ ਭਾਰਤ ਦੇ ਪੱਤਰਕਾਰ ਨੇ ਤਰਨ-ਤਾਰਨ ਸਾਹਿਬ ਥਾਣੇ ਦੀ ਐਸਐਚਓ ਅਧਿਕਾਰੀ ਬਲਜੀਤ ਕੌਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਇਸ ਮਾਮਲੇ ਬਾਰੇ ਜਵਾਬ ਦੇਣ ਤੋਂ ਕੰਨੀ ਕਤਰਾਉਂਦੇ ਹੋਏ ਨਜ਼ਰ ਆਏ। ਉਨ੍ਹਾਂ ਬਹਾਨਾਂ ਲਾ ਕੇ ਫੋਨ ਕੱਟ ਦਿੱਤਾ ਤੇ ਕੋਈ ਜਵਾਬ ਨਹੀਂ ਦਿੱਤਾ।