ਅੰਮ੍ਰਿਤਸਰ: ਭਗਵਾਨ ਵਾਲਮੀਕਿ ਧਰਮ ਸਮਾਜ ਦੇ ਸੰਚਾਲਕ ਮੇਘਨਾਥ ਦੀ ਅਗਵਾਈ ਵਿੱਚ ਇੱਕ ਵਫ਼ਦ ਨੇ ਸ਼ੁੱਕਰਵਾਰ ਨੂੰ ਐਸ. ਪੀ ਨਾਲ ਮੁਲਾਕਾਤ ਕੀਤੀ। ਐਸ. ਪੀ ਬਲਜੀਤ ਸਿੰਘ ਢਿੱਲੋਂ ਨੂੰ ਮੰਗ ਪੱਤਰ ਦਿੰਦੇ ਹੋਏ ਵਫ਼ਦ ਨੇ ਜਲਦ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਆਪਣੇ ਮੰਗ ਪੱਤਰ 'ਚ ਦਲਿਤ ਭਾਈਚਾਰੇ ਦੇ ਘਰਾਂ ਵੱਲ ਗੋਲੀਆਂ ਚਲਾਉਣ ਅਤੇ ਜਾਤੀ ਸੂਚਕ ਸ਼ਬਦਾਵਲੀ ਬੋਲਣ ਵਾਲੀਆਂ 'ਤੇ ਮਾਮਲਾ ਦਰਜ ਕਰ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਧਰਮ ਸਮਾਜ ਦੇ ਸੰਚਾਲਕ ਮੇਘਨਾਥ ਨੇ ਦੱਸਿਆ ਕਿ ਮਹਿਲਾ ਵਾਲਾ 'ਚ 22 ਅਕਤੂਬਰ ਨੂੰ ਪਿੰਡ ਦੇ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਆਪਣੇ ਮਕਾਨ ਦੀ ਛੱਤ 'ਤੇ ਡੀ.ਜੇ ਲਗਾਏ ਹੋਏ ਸਨ। ਉਹ ਵਿਅਕਤੀ ਆਪਣੇ 10/12 ਸਾਥੀਆਂ ਨਾਲ ਪਾਰਟੀ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਉਕਤ ਵਿਅਕਤੀਆਂ ਨੇ ਹਵਾਈ ਫਾਇਰਿੰਗ ਸ਼ੁਰੂ ਕਰ ਦਿੱਤੀ। ਮੇਘਨਾਥ ਨੇ ਦੱਸਿਆ ਕਿ ਉਨ੍ਹਾਂ ਦਲਿਤ ਲੋਕਾਂ ਦੇ ਘਰਾਂ ਵੱਲ ਨੂੰ ਗੋਲੀਆਂ ਚਲਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਦਲਿਤਾਂ ਲਈ ਜਾਤੀ ਸੂਚਕ ਸ਼ਬਦਾਵਲੀ ਵੀ ਬੋਲੀ ਗਈ।
ਮੇਘਨਾਥ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਤੁਰੰਤ ਪੁਲਿਸ ਥਾਣਾ ਝੰਡੇਰ ਨੂੰ ਦਿੱਤੀ ਗਈ। ਮੌਕੇ 'ਤੇ ਪਹੁੰਚੇ ਏ.ਐਸ.ਆਈ ਨਛੱਤਰ ਸਿੰਘ ਨੇ 2 ਵਿਅਕਤੀਆ ਨੂੰ ਕਾਬੂ ਕੀਤਾ ਗਿਆ ਜਦ ਕਿ ਬਾਕੀ ਵਿਅਕਤੀ ਪੁਲਿਸ ਦੇ ਸਾਹਮਣੇ ਹੀ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਮੌਕੇ 'ਤੇ 24 ਰੌਂਦ ਬਰਾਮਦ ਕੀਤੇ ਹਨ। ਮੇਘਨਾਥ ਨੇ ਦੱਸਿਆ ਕਿ ਇਸ ਦੇ ਬਾਵਜੂਦ ਪੁਲਿਸ ਵੱਲੋਂ ਗੋਲੀਆਂ ਚਲਾਉਣ ਵਾਲੇ ਕਿਸੇ ਵੀ ਵਿਅਕਤੀ ਦਾ ਅਸਲਾ ਚੈੱਕ ਨਹੀ ਕੀਤਾ ਗਿਆ। ਮੇਘਨਾਥ ਨੇ ਪੁਲਿਸ ਕਾਰਵਾਈ 'ਤੇ ਦੋਸ਼ ਲਾਉਦੇ ਹੋਏ ਕਿਹਾ ਕਿ ਉਨ੍ਹਾਂ ਮੁਲਜ਼ਮਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਪੁਲਿਸ ਵੱਲੋਂ ਉਨ੍ਹਾਂ ਵਿਅਕਤੀਆਂ 'ਤੇ ਬਣਦੀਆਂ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰਨ ਦੀ ਥਾਂ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਖਾਨਾਪੂਰਤੀ ਕੀਤੀ ਜਾ ਰਹੀ ਹੈ।
ਸੰਸਥਾ ਸੰਚਾਲਕ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੁਲਿਸ ਵੱਲੋਂ ਉਕਤ ਲੋਕਾਂ 'ਤੇ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਉਨ੍ਹਾਂ ਨੂੰ ਮਜ਼ਬੂਰਨ ਧਰਨਾ ਪ੍ਰਦਰਸ਼ਨ ਕਰਨਾ ਪਵੇਗਾ, ਜਿਸਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਹੋਵੇਗਾ। ਇਸ ਸਬੰਧ ਵਿੱਚ ਐਸ.ਪੀ. ਬਲਜੀਤ ਸਿੰਘ ਢਿੱਲੋ ਨੇ ਕਿਹਾ ਕਿ ਮਾਮਲੇ ਨੂੰ ਡੀ.ਐਸ.ਪੀ ਅਜਨਾਲਾ ਨੂੰ ਮਾਰਕ ਕਰ ਦਿੱਤਾ ਹੈ, ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਵਾਈ ਜਾਵੇਗੀ।