ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਇੱਕ ਮਹੀਨਾ ਚੱਲਣ ਵਾਲੇ ਗੁਰਬਾਣੀ ਪਾਠ ਬੋਧ ਸਮਾਗਮ ਦੀ ਆਰੰਭਤਾ ਧਾਰਮਿਕ ਰਵਾਇਤਾਂ ਅਨੁਸਾਰ ਹੋਈ।
ਪਾਠ ਬੋਧ ਸਮਾਗਮ ਦੀ ਸ਼ੁਰੂਆਤ ਸਮੇਂ ਅਰਦਾਸ ਕੀਤੀ ਗਈ, ਜਿਸ ਉਪਰੰਤ ਸਜਾਏ ਗਏ ਗੁਰਮਤਿ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ 400 ਸਾਲਾ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਲੀਕੇ ਗਏ ਧਾਰਮਿਕ ਸਮਾਗਮ ਵੱਡੇ ਪੱਧਰ 'ਤੇ ਮਨਾਏ ਜਾਣਗੇ। ਇਨ੍ਹਾਂ 'ਚ ਗੁਰਮਤਿ ਸਮਾਗਮ, ਨਗਰ ਕੀਰਤਨ, ਸੈਮੀਨਾਰ, ਪਾਠ ਬੋਧ ਸਮਾਗਮ, ਸਕੂਲਾਂ ਕਾਲਜਾਂ ਅੰਦਰ ਸਮਾਗਮ, ਗੁਰਮਤਿ ਮੁਕਾਬਲੇ, ਕਵੀ ਦਰਬਾਰ, ਨਾਟਕ ਆਦਿ ਵਿਸ਼ੇਸ਼ ਹੋਣਗੇ।
ਗੁਰਬਾਣੀ ਦੇ ਮੂਲ ਸਿਧਾਂਤਾਂ ਨਾਲ ਜੁੜਨਾ ਸਮੇਂ ਦੀ ਵੱਡੀ ਲੋੜ: ਬੀਬੀ ਜਗੀਰ ਕੌਰ ਬੀਬੀ ਜਗੀਰ ਕੌਰ ਨੇ ਕਿਹਾ ਕਿ ਗੁਰਬਾਣੀ ਦੇ ਮੂਲ ਸਿਧਾਂਤ ਨਾਲ ਜੁੜਨਾ ਅੱਜ ਸਮੇਂ ਦੀ ਵੱਡੀ ਲੋੜ ਹੈ। ਇਸ ਦੇ ਮੱਦੇਨਜ਼ਰ ਗੁਰਬਾਣੀ ਦੀ ਸੰਥਿਆ ਲਈ ਪਾਠ ਬੋਧ ਸਮਾਗਮ ਆਯੋਜਤ ਕੀਤੇ ਗਏ ਹਨ। ਬੀਬੀ ਜਗੀਰ ਕੌਰ ਨੇ ਕਿਹਾ ਕਿ 400 ਸਾਲਾ ਨੂੰ ਸਮਰਪਿਤ ਪਹਿਲਾਂ ਪਾਠ ਬੋਧ ਸਮਾਗਮ ਗੁਰਦੁਆਰਾ ਦੂਖਨਿਵਾਰਨ ਸਾਹਿਬ ਪਟਿਆਲਾ ਵਿਖੇ ਸੰਪੂਰਣ ਕੀਤਾ ਜਾ ਚੁੱਕਾ ਹੈ ਅਤੇ ਇਹ ਦੂਸਰਾ ਪਾਠ ਬੋਧ ਸਮਾਗਮ ਨੌਵੇਂ ਪਾਤਸ਼ਾਹ ਦੇ ਪਾਵਨ ਅਸਥਾਨ ਬਾਬਾ ਬਕਾਲਾ ਸਾਹਿਬ ਵਿਖੇ ਆਯੋਜਤ ਕੀਤਾ ਗਿਆ ਹੈ।
ਬੀਬੀ ਜਾਗੀਰ ਕੌਰ ਨੇ ਕਿਹਾ ਕਿ ਗੁਰਬਾਣੀ ਦਾ ਸ਼ੁੱਧ ਉਚਾਰਣ ਅਤੇ ਧਰਮ ਪ੍ਰਤੀ ਦ੍ਰਿੜਤਾ ਪੈਦਾ ਕਰਨ ਲਈ ਵੱਖ-ਵੱਖ ਸਮਾਗਮਾਂ ਰਾਹੀਂ ਸ਼੍ਰੋਮਣੀ ਕਮੇਟੀ ਗੁਰੂ ਸਾਹਿਬ ਦੇ ਫਲਸਫੇ ਨੂੰ ਘਰ-ਘਰ ਤੱਕ ਪਹੁੰਚਾਵੇਗੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਦਿੱਤਾ ਗਿਆ ਗੁਰਮਤਿ ਸਿਧਾਂਤ ਅਤੇ ਸੱਭਿਆਚਾਰ ਸਾਰਿਆਂ ਨੂੰ ਮਹਾਨ ਵਿਰਸੇ ਨਾਲ ਜੋੜਦਾ ਹੈ। ਪਾਠ ਬੋਧ ਸਮਾਗਮ ’ਚ ਸੰਥਿਆ ਪ੍ਰਾਪਤ ਕਰਕੇ ਸ਼ੁੱਧ ਗੁਰਬਾਣੀ ਦੇ ਉਚਾਰਣ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਵਧੇਰੇ ਅਦਬ ਅਤੇ ਸਤਿਕਾਰ ਨਾਲ ਗੁਰੂ ਦੀ ਕਿਰਪਾ ਦੇ ਪਾਤਰ ਬਣਿਆ ਜਾ ਸਕਦਾ ਹੈ।