ਅੰਮ੍ਰਿਤਸਰ: ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਇੱਕ ਵਾਰ ਫੇਰ ਤੋਂ ਵਿਵਾਦਾਂ 'ਚ ਘਿਰ ਗਏ ਹਨ। ਇਸ ਵਾਰ ਕੋਈ ਸਿਆਸੀ ਬਿਆਨਬਾਜ਼ੀ ਨਹੀਂ ਬਲਕਿ ਉਨ੍ਹਾਂ ਦਾ ਸ਼ਾਲ ਹੈ। ਦਰਅਸਲ, ਸਿੱਧੂ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ਜਿਸ 'ਚ ਉਨ੍ਹਾਂ ਨੇ ਏਕ ਉੰਕਾਰ ਵਾਲੀ ਸ਼ਾਲ ਲਈ ਹੋਈ ਸੀ।
ਸਿੱਖਾਂ ਨੇ ਜਤਾਇਆ ਰੋਸ
ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀ ਗਈ ਇਸ ਹਰਕਤ ਦੀ ਸਿੱਖ ਸੰਸਥਾਂਵਾਂ ਨੇ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ 'ਚ ਇਸ ਬਾਬਤ ਕਾਫ਼ੀ ਰੋਸ ਪਾਇਆ ਗਿਆ ਹੈ। ਉਨ੍ਹਾਂ ਨੇ ਇਸ ਸ਼ਾਲ ਨੂੰ ਲੈਣਾ ਸਿੱਖਾਂ ਦੀ ਭਾਵਨਾਂਵਾਂ ਨਾਲ ਖਿਲਵਾੜ ਕਰਨਾ ਦੱਸਿਆ ਹੈ।
ਅਕਾਲ ਤਖ਼ਤ ਦਿੱਤੀ ਸ਼ਿਕਾਇਤ
- ਸਿੱਖ ਯੂਥ ਪਾਵਰ ਆਫ ਪੰਜਾਬ ਦੇ ਆਗੂ ਪਰਮਜੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਚ ਜਥੇਦਾਰ ਹਰਪ੍ਰੀਤ ਸਿੰਘ ਦੇ ਨਾਂਅ ਇੱਕ ਲਿਖਤੀ ਸ਼ਿਕਾਇਤ ਦਰਜ ਕਰਵਾਈ।
- ਉਨ੍ਹਾਂ ਨੇ ਕਿਹਾ ਕਿ ਰਾਜਸੀ ਆਗੂ ਆਪਣੇ ਫਾਇਦੇ ਦੇ ਮੁਤਾਬਕ ਤੇ ਚਰਚਾ 'ਚ ਆਉਣ ਲਈ ਗੁਰਬਾਣੀ ਤੇ ਸਿੱਖੀ ਸਿਧਾਂਤਾਂ ਨਾਲ ਸ਼ਬਦਾਂ ਨੂੰ ਵਰਤਦੇ ਹਨ ਤੇ ਹੁਣ ਨਵਜੋਤ ਸਿੰਘ ਸਿੱਧੂ ਨੇ ਇਹ ਗ਼ਲਤੀ ਕੀਤੀ ਹੈ।
- ਉਨ੍ਹਾਂ ਨੇ ਕਿਹਾ ਕਿ ਸਿੱਧੂ ਇੱਕ ਜਾਣੀ ਮਾਣੀ ਸ਼ਖ਼ਸੀਅਤ ਹਨ ਤੇ ਲੋਕ ਉਨ੍ਹਾਂ ਨੂੰ ਕਾਫੀ ਪਸੰਦ ਕਰਦੇ ਹਨ। ਸਿੱਧੂ ਦੀ ਇਸ ਗ਼ਲਤੀ ਨੂੰ ਹੋਰ ਵੀ ਉਨ੍ਹਾਂ ਦੀ ਨਕਲ ਕਰਨਗੇ, ਜਿਸ ਨਾਲ ਏਕ ਉੰਕਾਰ ਦੀ ਬੇਅਦਬੀ ਹੋਵੇਗੀ।