ਅਜਨਾਲਾ: ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਧੀਨ ਆਉਂਦੇ ਕਾਂਸਟੀਚੂਐਂਟ ਕਾਲਜ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਦੇ ਓ.ਐੱਸ.ਡੀ. ਵੱਲੋਂ ਅਕਾਦਮਿਕ ਵਰ੍ਹੇ 2021-22 ਲਈ ਤਿਆਰ ਕੀਤੇ ਗਏ ਟਾਈਮ ਟੇਬਲ ਵਿਚ ਬੀ.ਏ., ਬੀ.ਐੱਸਸੀ ਕੰਪਿਊਟਰ ਸਾਇੰਸ (Computer science), ਬੀ.ਐੱਸ.ਸੀ ਨਾਨ ਮੈਡੀਕਲ ਅਤੇ ਬੀ.ਕਾਮ ਸਮੈਸਟਰ ਪਹਿਲਾ, ਤੀਜਾ ਅਤੇ ਪੰਜਵਾਂ ਦੀਆਂ ਕਲਾਸਾਂ ਨੂੰ ਮਰਜ ਕੀਤੀਆਂ ਗਈਆਂ ਹਨ। ਇਸਦੇ ਨਤੀਜੇ ਵਜੋਂ ਪਿਛਲੇ 8 ਸਾਲਾਂ ਤੋਂ ਕੰਮ ਕਰਦੇ ਸਹਾਇਕ ਪ੍ਰੋਫੈਸਰਾਂ ਨੂੰ ਰਿਲੀਫ ਕਰ ਦਿੱਤਾ ਗਿਆ ਹੈ।
ਸਹਾਇਕ ਪ੍ਰੋਫੈਸਰਾਂ ਨੇ ਕੀਤੀ 12 ਮਹੀਨੇ ਤਨਖਾਹ ਦੀ ਮੰਗ
ਡਾ. ਜਤਿੰਦਰ ਕੌਰ (ਪੰਜਾਬੀ ਵਿਭਾਗ) ਨੇ ਦੱਸਿਆ ਕਿ ਉਨ੍ਹਾਂ ਦਾ ਰੋਸ ਪ੍ਰਦਰਸ਼ਨ ਬਿਨ੍ਹਾਂ ਕਿਸੇ ਆਦੇਸ਼ ਦੇ ਉਨ੍ਹਾਂ ਨੂੰ ਕੱਢਣ ਦੇ ਵਿਰੋਧ ਵਿਚ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਨੂੰ ਲੈ ਕੇ ਇੱਕ ਮੀਟਿੰਗ ਕੀਤੀ ਗਈ ਅਤੇ ਉਹ ਧਰਨਾ ਵੀ ਦੇਣਗੇ, ਉਨ੍ਹਾਂ ਕਿਹਾ ਕਿ ਇਸੇ ਸਬੰਧ ਵਿੱਚ ਉਨ੍ਹਾਂ ਮਾਣਯੋਗ ਅਦਾਲਤ ਵਿੱਚ ਕੰਟੈਂਪਟ ਵੀ ਪਾਈ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਸੁਣਵਾਈ ਨਹੀਂ ਹੁੰਦੀ ਤਾਂ ਉਹ ਪੱਕੇ ਤੌਰ ਤੇ ਧਰਨਾ ਦੇਣਗੇ।ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਇੱਥੇ ਰੱਖਿਆ ਜਾਵੇ ਤੇ 12 ਮਹੀਨੇ ਤਨਖਾਹ ਦਿੱਤੀ ਜਾਵੇ, ਕਿਉਂਕਿ ਕੰਟਰੈਕਟ ਤੌਰ ਤੇ ਉਨ੍ਹਾਂ ਦੀ ਤਨਖਾਹ ਨੂੰ ਸਮੇਂ-ਸਮੇਂ 'ਤੇ ਮਹੀਨੇਵਾਰ ਘਟਾਇਆ ਗਿਆ ਹੈ।
ਸੀ.ਐੱਮ. ਸਾਬ੍ਹ ਵਲੋਂ ਰੋਜ਼ਗਾਰ ਦਿੱਤੇ ਜਾ ਰਹੇ ਹਨ ਪਰ ਇਥੇ ਤਾਂ ਨੌਕਰੀ ਖੋਹੀ ਜਾ ਰਹੀ ਐ
ਇਸੇ ਤਰ੍ਹਾਂ ਕਾਲਜ ਵਿਚ ਅੰਗਰੇਜੀ ਦੇ ਪ੍ਰੋਫੈਸਰ ਅਰੁਣ ਗੌਂਸਾਈ ਨੇ ਕਿਹਾ ਕਿ ਉਹ ਇੰਗਲਿਸ਼ ਮਾਧਿਆਮ (English medium) ਲਈ 2013 ਤੋਂ ਪੜਾ ਰਹੇ ਹਨ ਅਤੇ ਇੱਕ ਦਿਨ ਪਹਿਲਾਂ ਉਨ੍ਹਾਂ ਨੂੰ ਕਾਲਜ ਦੇ ਗਰੁੱਪ ਵਿੱਚੋਂ ਕੱਢਿਆ ਗਿਆ। ਪੁੱਛਣ 'ਤੇ ਪਤਾ ਲੱਗਾ ਕਿ ਕਲਾਸਾਂ ਮਰਜ਼ ਕੀਤੀਆਂ ਗਈਆਂ ਹਨ, ਜਿਸ 'ਚ ਚਾਰ ਕਲਾਸਾਂ ਹਨ। ਉਨ੍ਹਾਂ ਕਿਹਾ ਕਿ 100 ਤੋਂ ਵੱਧ ਬੱਚਿਆਂ ਨੂੰ ਪੜਾਉਣਾ ਸਿਰਫ ਇੱਕ ਅਧਿਆਪਕ ਲਈ ਨਾਕਾਫੀ ਹੈ ਅਤੇ ਇਹ ਇਕ ਤਰ੍ਹਾਂ ਨਾਲ ਬੱਚਿਆਂ ਨਾਲ ਵੀ ਮਜ਼ਾਕ ਹੈ। ਉਨ੍ਹਾਂ ਕਿਹਾ ਕਿ 12 ਮਹੀਨੇ ਤਨਖਾਹ ਲਈ ਯੂਨੀਵਰਸਿਟੀ ਤੋਂ ਮੰਗ ਕਰਨ ਅਤੇ ਮਾਣਯੋਗ ਅਦਾਲਤ ਵਿੱਚ ਜਾਣ ਲਈ ਉਨ੍ਹਾਂ ਨੂੰ ਇਹ ਸਜ਼ਾ ਮਿਲੀ ਹੈ।ਉਨ੍ਹਾਂ ਕਿਹਾ ਕਿ ਬੀਤੇ ਦਿਨ ਕਪੂਰਥਲਾ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਰੋਜਗਾਰ ਦੇਣ ਲਈ ਕਿਹਾ ਗਿਆ ਸੀ, ਤੇ ਕਿਹਾ ਸੀ ਕਿ ਜੋ 6-7 ਸਾਲ ਤੋਂ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਪੱਕਿਆਂ ਕਰ ਦੇਣਾ ਪਰ ਇੱਥੇ ਤਾਂ ਨੌਕਰੀ ਖੋਹੀ ਜਾ ਰਹੀ ਹੈ।