ਅੰਮ੍ਰਿਤਸਰ: ਸੰਸਾਰ ਭਰ ਦੇ ਲੋਕਾਂ ਦਾ ਪਸੰਦੀਦਾ ਖੇਡ ਸ਼ਤਰੰਜ ਜਿਸ ਨੂੰ ਹਰ ਇਕ ਉਮਰ ਦਾ ਇਨਸਾਨ ਖੇਡਣਾ ਪੰਸਦ ਕਰਦਾ ਹੈ ਪਰ ਲੋਕ ਇਸਦੀ ਬਣਾਵਟ ਬਾਰੇ ਬਹੁਤ ਘੱਟ ਜਾਣਦੇ ਹਨ। ਜੇਕਰ ਗੱਲ ਕੀਤੀ ਜਾਵੇ ਇਹਨਾਂ ਸ਼ਤਰੰਜ ਦੇ ਬਕਸੇ ਅਤੇ ਗੀਟੀਆਂ ਬਣਾਉਣ ਦੀ ਤਾਂ ਸਿਰਫ ਅੰਮ੍ਰਿਤਸਰ ਹੀ ਅਜਿਹਾ ਸ਼ਹਿਰ ਹੈ ਜਿਥੇ ਸ਼ਤਰੰਜ ਬਣਾਈ ਜਾਦੀ ਹੈ, ਜੋ ਕਿ ਸੰਸਾਰ ਭਰ ਵਿਚ ਸਪਲਾਈ ਵੀ ਕੀਤੀ ਜਾਦੀ ਹੈ।
ਨਾਗਪੁਰ ਤੋਂ ਮੰਗਵਾਈ ਜਾਂਦੀ ਹੈ ਲੱਕੜ: ਦੱਸ ਦਈਏ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਕਾਰੀਗਰ ਸਿਮਰਨਜੀਤ ਸਿੰਘ ਵੱਲੋਂ ਸ਼ਤਰੰਜ ਨੂੰ ਤਿਆਰ ਕੀਤੀ ਜਾਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਤਰੰਜ ਬਣਾਉਣ ਦੇ ਲਈ ਉਨ੍ਹਾਂ ਵੱਲੋਂ ਨਾਗਪੁਰ ਤੋਂ ਸਪੈਸ਼ਲ ਤਰ੍ਹਾਂ ਦੀ ਲੱਕੜ ਮੰਗਵਾਈ ਜਾਂਦੀ ਹੈ। ਸ਼ਤਰੰਜ ਦੀਆਂ ਗੀਟੀਆਂ ਚੋਂ ਇੱਕ ਗੀਟੀ ਨੂੰ ਤਿਆਰ ਕਰਨ ਵਿੱਚ ਲਗਭਗ ਇੱਕ ਘੰਟਾ ਦਾ ਸਮਾਂ ਲੱਗਦਾ ਹੈ।
ਸ਼ਤਰੰਜ ਬਣਾਉਣ ਦਾ ਸ਼ੌਕ: ਇਸ ਸੰਬਧੀ ਜਾਣਕਾਰੀ ਦਿੰਦਿਆਂ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸ਼ਤਰੰਜ ਬਣਾਉਣ ਦਾ ਸ਼ੌਕ 2003 ਵਿਚ ਪਿਆ ਅਤੇ ਜੋ ਵਧਦਾ ਵਧਦਾ ਹੋਇਆ, ਉਹਨਾ ਦਾ ਪੇਸ਼ਾ ਬਣ ਗਿਆ ਹੈ। ਉਹਨਾ ਵੱਲੋਂ ਇਸ ਸ਼ਤਰੰਜ ਨੂੰ ਤਿਆਰ ਕਰਨ ਲਈ ਨਾਗਪੁਰ ਤੋਂ ਸਪੈਸ਼ਲ ਲੱਕੜ ਮੰਗਵਾ ਕੇ ਪਹਿਲਾਂ ਉਸਦੀ ਕਟਾਈ ਕੀਤੀ ਜਾਂਦੀ ਹੈ ਫਿਰ ਉਸਨੂੰ ਗੀਟੀਆਂ ਦਾ ਰੂਪ ਦਿੱਤਾ ਜਾਂਦਾ ਹੈ।