ਅੰਮ੍ਰਿਤਸਰ: ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਭਾਰਤ ਵਿੱਚ ਪਹਿਲੀ ਵਾਰ ਡਰੋਨ ਰਾਹੀਂ ਹਥਿਆਰ ਭੇਜਣ ਦਾ ਮਾਮਲਾ ਸਾਹਮਣੇ ਆਇਆ ਹੈ। ਫੜੇ ਗਏ ਅੱਤਵਾਦੀਆਂ ਨੇ ਪਾਕਿਸਤਾਨ ਤੋਂ ਡਰੋਨ ਜਰੀਏ ਹਥਿਆਰ ਭਾਰਤ ਵਿੱਚ ਮੰਗਵਾਏ ਸਨ। ਉਨ੍ਹਾਂ ਕਿਹਾ ਕਿ ਇਸ ਦੇ ਸਬੂਤ ਵੀ ਮਿਲ ਚੁੱਕੇ ਹਨ। ਦਿਨਕਰ ਗੁਪਤਾ ਨੇ ਕਿਹਾ ਕਿ ਹੁਣ ਤੱਕ 28 ਸਲੀਪਰ ਸੈੱਲ ਬੇਨਕਾਬ ਕੀਤੇ ਜਾ ਚੁਕੇ ਹਨ।
ਗੁਪਤਾ ਨੇ ਮੰਨਿਆ ਹੈ ਕਿ ਫੜੇ ਗਏ ਅੱਤਵਾਦੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿੱਚ ਸਨ। ਗੁਪਤਾ ਨੇ ਕਿਹਾ ਕਿ ਨਸ਼ੇ ਦੇ ਖਿਲਾਫ਼ ਵੀ ਪੁਲਿਸ ਸਖ਼ਤ ਕਾਰਵਾਈ ਕਰ ਰਹੀ ਹੈ ਤੇ ਹੁਣ ਤੱਕ 28000 ਨਸ਼ੇ ਦੇ ਮਾਮਲੇ ਦਰਜ ਕਰ 33000 ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਹੋਰ ਵੀ ਕਈ ਗ੍ਰਿਫਤਾਰੀਆਂ ਕੀਤੀਆ ਗਈਆਂ ਹਨ।।
ਇਸ ਤੋਂ ਪਹਿਲਾ ਮੰਗਰਵਾਰ ਨੂੰ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰ ਭੇਜਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਚਿੰਤਾ ਜ਼ਾਹਿਰ ਕੀਤੀ ਹੈ। ਕੈਪਟਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਖ਼ਤਮ ਕਰੇ ਜਾਣ ਤੋਂ ਬਾਅਦ ਪਾਕਿਸਤਾਨ ਵੱਲੋਂ ਇਨ੍ਹਾਂ ਹਰਕਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਅਮਿਤ ਸ਼ਾਹ ਨੂੰ ਇਸ ਮਾਮਲੇ 'ਤੇ ਹੱਲ ਕੱਢਣ ਦੀ ਦਰਖ਼ਾਸਤ ਕੀਤੀ ਸੀ।