ਅੰਮ੍ਰਿਤਸਰ: ਸ਼ਹਿਰ ਦੇ ਸਿਵਲ ਹਸਪਤਾਲ ਸਟਾਫ ਦੀ ਵੱਡੀ ਅਣਗਹਿਲੀ ਕਾਰਨ ਗਰਭਵਤੀ ਮਹਿਲਾ ਤੇ ਉਸ ਦੇ ਹੋਣ ਵਾਲੇ ਬੱਚੇ ਦੀ ਮੌਤ ਹੋ ਗਈ ਹੈ। ਮ੍ਰਿਤਕ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਡਲਿਵਰੀ ਲਈ ਮਹਿਲਾ ਨੂੰ ਦੁਪਹਿਰ 1 ਵਜੇ ਹੀ ਹਸਪਤਾਲ 'ਚ ਦਾਖ਼ਲ ਕਰਵਾ ਦਿੱਤਾ ਸੀ ਪਰ ਡਾਕਟਰਾਂ ਦੀ ਅਣਗਹਿਲੀ ਕਾਰਨ ਜੱਚਾ ਤੇ ਬੱਚੇ ਦੋਹਾਂ ਦੀ ਹੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮਹਿਲਾ ਤੜਪਦੀ ਰਹੀ ਪਰ ਕਿਸੇ ਨੇ ਉਸ ਵੱਲ ਧਿਆਨ ਨਹੀਂ ਦਿੱਤਾ।
ਪਰਿਵਾਰਕ ਮੈਂਬਰਾਂ ਨੇ ਡਾਕਟਰ ਤੇ ਹਸਪਤਾਲ ਸਟਾਫ 'ਤੇ ਲਾਪਰਵਾਹੀ ਦੇ ਇਲਜ਼ਾਮ ਲਗਾਏ ਹਨ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੇ ਕਈ ਵਾਰ ਸਿਵਲ ਹਸਪਤਾਲ ਸਟਾਫ ਮੈਂਬਰਾਂ ਤੇ ਡਾਕਟਰ ਨੂੰ ਬੇਨਤੀ ਕੀਤੀ ਕਿ ਉਹ ਦਲਜੀਤ ਕੌਰ ਦੀ ਜਾਂਚ ਕਰਨ ਪਰ ਉਨ੍ਹਾਂ ਨੇ ਪਹਿਲਾਂ ਤਾਂ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਬਾਅਦ 'ਚ ਸ਼ਾਮ ਵੇਲੇ ਮਹਿਲਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪਰਿਵਾਰਕ ਮੈਂਬਰਾਂ ਦੇ ਪੁੱਛਣ 'ਤੇ ਹਸਪਤਾਲ ਪ੍ਰਸ਼ਾਸਨ ਨੇ ਕਿਹਾ ਕਿ ਮਹਿਲਾ ਦਾ ਦਿਲ ਦੀ ਦੌਰਾ ਪੈਣ ਕਾਰਨ ਮੌਤ ਹੋਈ ਹੈ।