ਅੰਮ੍ਰਿਤਸਰ: ਪੰਜਾਬ 'ਚ ਅੱਜ ਘੱਲੂਘਾਰਾ ਦਿਵਸ ਮਨਾਇਆ ਜਾ ਰਿਹਾ ਹੈ। ਜੂਨ 1984 'ਚ ਭਾਰਤੀ ਫ਼ੌਜ ਵੱਲੋਂ ਆਪਰੇਸ਼ਨ ਬਲੂ–ਸਟਾਰ ਨੂੰ ਅੰਜਾਮ ਦਿੱਤਾ। ਸਾਕਾ ਨੀਲਾ ਤਾਰਾ ਦੀ ਅੱਜ 36ਵੀਂ ਬਰਸੀ ਹੈ। ਇਸ ਵਿੱਚ ਅਨੇਕਾਂ ਸਿੱਖ ਸ਼ਹੀਦ ਹੋ ਗਏ ਤੇ ਸਿੱਖਾਂ ਦੇ ਮਨ ਵਿੱਚ ਇਹ ਜ਼ਖ਼ਮ ਅਜੇ ਵੀ ਰਿਸਦਾ ਹੈ। ਸਿੰਘ ਸਿੰਘਣੀਆਂ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਾਠਾਂ ਦੇ ਭੋਗ ਪਾਏ ਗਏ।
ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕਿਹਾ ਕਿ ਆਉਣ ਦੇ ਸਮੇਂ ਵਿੱਚ ਘੱਲੂਘਾਰਾ ਜੂਨ 84 ਦੇ ਸਬੰਧੀ ਵਿਸ਼ੇਸ਼ ਦਸਤਾਵੇਜ਼ ਤਿਆਰ ਕਰਵਾਇਆ ਜਾਵੇਗਾ। ਇਸ ਵਿੱਚ ਜੂਨ 84 ਨੂੰ ਆਪਣੀਆਂ ਅੱਖਾਂ ਨਾਲ ਦੇਖਣ ਵਾਲੇ ਲੋਕਾਂ ਨਾਲ ਵਿਸ਼ੇਸ਼ ਗੱਲਬਾਤ ਕਰਕੇ ਇਹ ਦਸਤਾਵੇਜ਼ ਤਿਆਰ ਕੀਤਾ ਜਾਵੇਗਾ। ਪੁਲਿਸ ਵੱਲੋਂ ਲੋਕਾਂ ਨੂੰ ਦਰਬਾਰ ਸਾਹਿਬ ਆਉਣ ਤੋਂ ਰੋਕਣ ਦੇ ਜਵਾਬ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਵੇਗਾ ਤੇ ਫਿਰ ਅਜਿਹੀਆਂ ਰੋਕਾਂ ਨਹੀਂ ਲੱਗਣਗੀਆਂ। ਜਥੇਦਾਰ ਨੇ ਕਿਹਾ ਕਿ 36 ਸਾਲਾਂ ਬਾਅਦ ਵੀ ਕੁਝ ਨਹੀਂ ਬਦਲਿਆ ਤੇ ਸਿੱਖਾਂ ਨੂੰ ਗ਼ੁਲਾਮੀ ਦਾ ਅਹਿਸਾਸ ਕਰਾਉਣ ਲਈ ਸਰਕਾਰਾਂ ਦੇ ਜਬਰ ਜਾਰੀ ਹਨ।