ਅੰਮ੍ਰਿਤਸਰ: ਬੀਤੇ ਦਿਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਪੁਲਿਸ ਅਤੇ ਸਰਕਾਰ ਦੀ ਕਾਨੂੰਨ ਵਿਵਸਥਾ ਦੇ ਦਾਅਵੇ ਸਵਾਲਾਂ ਦੇ ਘੇਰੇ ਚ ਆ ਗਏ ਹਨ ਉੱਥੇ ਹੀ ਦੂਜੇ ਪਾਸੇ ਅੰਮ੍ਰਿਤਸਰ ਵਿਖੇ ਪੰਜਾਬੀ ਅਦਾਕਾਰ ਕਰਤਾਰ ਚੀਮਾ ’ਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਤੋਂ ਬਾਅਦ ਕਰਤਾਰ ਚੀਮਾ ਨੇ ਕਿਹਾ ਕਿ ਉਹ ਸ਼ੁਟਿੰਗ ਦੇ ਮਸਲੇ ਤੇ ਅੰਮ੍ਰਿਤਸਰ ਵਿਖੇ ਆਏ ਹੋਏ ਸੀ ਜਿੱਥੇ ਉਨ੍ਹਾਂ ’ਤੇ ਹਮਲਾ ਹੋਇਆ।
ਦੱਸ ਦਈਏ ਕਿ ਅਦਾਕਾਰ ਕਰਤਾਰ ਚੀਮਾ ਨਾਵਲਟੀ ਚੌਕ ਵਿਚ ਪਹੁੰਚੇ ਸੀ ਜਿੱਥੇ ਉਨ੍ਹਾਂ ਤੇ ਹਮਲਾ ਹੋਇਆ। ਇਸ ਸਬੰਧੀ ਉਨ੍ਹਾਂ ਨੇ ਥਾਣਾ ਸਿਵਲ ਲਾਇਨ ਵਿਚ ਪਹੁੰਚ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ’ਤੇ ਐਨਐਸਯੂਆਈ ਦੇ ਪ੍ਰਧਾਨ ਅਕਸ਼ੈ ਸ਼ਰਮਾ ਵੱਲੋਂ ਆਪਣੇ 13 ਸਾਥੀਆਂ ਨਾਲ ਮਿਲ ਕੇ ਹਮਲਾ ਕੀਤਾ ਗਿਆ ਹੈ ਅਤੇ ਉਨ੍ਹਾਂ ਤੇ ਪਿਸਤੌਲ ਵੀ ਤਾਣੀ ਗਈ ਸੀ। ਉੱਥੇ ਮੌਕੇ ’ਤੇ ਮੌਜੂਦ ਮਿਲਟਰੀ ਦੇ ਅਫਸਰਾਂ ਅਤੇ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਉਸ ਨੂੰ ਬਚਾਇਆ ਗਿਆ।