ਅੰਮ੍ਰਿਤਸਰ: ਇੱਕ ਪਾਸੇ ਜਿੱਥੇ ਪੰਜਾਬ ਪੁਲਿਸ ਵੱਲੋਂ ਚੋਣਾਂ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਇੰਤਜਾਮ ਕਰਨ ਦੀ ਗੱਲ ਆਖੀ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਅਪਰਾਧਿਕ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਇਸੇ ਤਰ੍ਹਾਂ ਦਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਦੇ ਕੋਟ ਆਤਮਾ ਰਾਮ ਸੁਲਤਾਨਵਿੰਡ ਰੋਡ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਨੇ ਇੱਕ ਘਕ ’ਚ ਤਕਰੀਬਨ 12 ਰਾਉਂਡ ਫਾਇਰ ਕੀਤੇ। ਜਿਸ ਕਾਰਨ ਪੂਰੇ ਇਲਾਕੇ ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਇਹ ਹਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਵ: ਗਿਆਨੀ ਪ੍ਰਤਾਪ ਸਿੰਘ ਦੇ ਘਰ (Attack on the house of former Jathedar of Sri Akal Takht Sahib) ਵਿਖੇ ਹੋਇਆ। ਇਸ ਘਰ ਚ ਉਨ੍ਹਾਂ ਦਾ ਪਰਿਵਾਰ ਰਹਿ ਰਿਹਾ ਹੈ। ਇਸ ਸਬੰਧ ’ਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਉਹ ਘਰ ਚ ਹੀ ਬੈਠੇ ਸੀ ਕਿ ਅਚਾਨਕ ਕੁਝ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੇ ਘਰ 12 ਦੇ ਕਰੀਬ ਰਾਉਂਡ ਫਾਇਰ ਕੀਤੇ। ਜਿਨ੍ਹਾਂ ’ਚ 6 ਉਨ੍ਹਾਂ ਦੇ ਬੱਚਿਆ ਦੇ ਕਮਰੇ ਦੇ ਸ਼ੀਸ਼ੇ ’ਤੇ ਲੱਗੇ। ਬਾਕੀ ਘਰ ਦੇ ਵੱਖ-ਵੱਖ ਹਿੱਸਿਆਂ ’ਚ ਲੱਗੇ। ਇਹ ਸਾਰੀ ਘਟਨਾ ਸੀਸੀਟੀਵੀ ਫੁਟੇਜ ਚ ਕੈਦ ਹੋ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਫਾਇਰਿੰਗ ਤੋਂ ਪਹਿਲਾਂ ਉਨ੍ਹਾਂ ਨੂੰ ਵਾਟਸਐਪ ਜਰੀਏ ਲਗਾਤਾਰ ਫੋਨ ਆ ਰਹੇ ਸੀ। ਇਸ ਮਾਮਲੇ ਤੋਂ ਬਾਅਦ ਤੁਰੰਤ ਹੀ ਉਨ੍ਹਾਂ ਨੇ ਪੁਲਿਸ ਨੂੰ ਇਸ ਸਬੰਧੀ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।