ਅੰਮ੍ਰਿਤਸਰ: ਸ਼ਹਿਰ 'ਚ ਭਾਜਪਾ ਐਸਸੀ ਸੈਲ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਵੱਲੋਂ ਥਾਣਾ ਮਜੀਠਾ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਸੰਜੀਵ ਕੁਮਾਰ ਨੇ ਦੋ ਧਿਰਾਂ ਵਿਚਾਲੇ ਹੋਏ ਝਗੜੇ ਨੂੰ ਲੈ ਕੇ ਪੁਲਿਸ 'ਤੇ ਦਲਿਤ ਨੌਜਵਾਨਾਂ ਨਾਲ ਧੱਕੇਸ਼ਾਹੀ ਕਰਨ ਦੇ ਦੋਸ਼ ਲਾਏ।
ਇਸ ਬਾਰੇ ਦੱਸਦੇ ਹਏ ਭਾਜਪਾ ਸੈਲ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਨੇ ਕਿਹਾ ਕਿ ਬੀਤੇ ਦਿਨੀਂ ਦਲਿਤ ਸਮਾਜ ਦੇ ਕੁੱਝ ਲੜਕੇ ਇੱਕ ਰੈਸਟੋਰੈਂਟ 'ਚ ਖਾਣਾ ਖਾਣ ਗਏ ਸਨ। ਉਥੇ ਮਾਮੂਲੀ ਜਿਹੀ ਗੱਲ ਤੋਂ ਉਨ੍ਹਾਂ ਦਾ ਰੈਸਟੋਰੈਂਟ ਮਾਲਕ ਤੇ ਉਸ ਦੇ ਨੌਕਰ ਨਾਲ ਝਗੜਾ ਹੋ ਗਿਆ। ਪੁਲਿਸ ਨੇ ਮਾਮੂਲੀ ਜਿਹੇ ਝਗੜੇ ਨੂੰ ਚੋਰੀ ਦੇ ਕੇਸ 'ਚ ਤਬਦੀਲ ਕਰ ਦਲਿਤ ਨੌਜਵਾਨਾਂ ਖਿਲਾਫ ਕੇਸ ਦਰਜ ਕਰ ਦਿੱਤਾ ਹੈ।
ਦੋ ਧਿਰਾਂ ਵਿਚਾਲੇ ਝਗੜਾ, ਪੁਲਿਸ 'ਤੇ ਲੱਗੇ ਦਲਿਤ ਨੌਜਵਾਨਾਂ ਨਾਲ ਧੱਕੇਸ਼ਾਹੀ ਕਰਨ ਦੇ ਦੋਸ਼ ਸੰਜੀਵ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਨੌਜਵਾਨਾਂ 'ਤੇ ਦਰਜ ਕੀਤੇ ਗਏ ਪਰਚੇ ਦੀ ਤਫਤੀਸ਼ ਕਰਵਾਏ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਦਲਿਤ ਨੌਜਵਾਨਾਂ ਨਾਲ ਧੱਕੇਸ਼ਾਹੀ ਕੀਤੀ ਗਈ ਹੈ, ਜਿਸ ਕਾਰਨ ਉਹ ਇਥੇ ਵਿਰੋਧ ਕਰ ਰਹੇ ਹਨ।
ਦੂਜੇ ਪਾਸੇ ਰੈਸਟੋਰੈਂਟ ਮਾਲਕ ਦੇ ਪਿਤਾ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਸਤਿੰਦਰਬੀਰ ਸਿੰਘ ਤੇ ਨੌਕਰ 'ਤੇ ਬੀਤੀ ਇੱਕ ਮਾਰਚ ਦੀ ਰਾਤ ਨੂੰ ਪੰਜ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਤੇ 50 ਹਜ਼ਾਰ ਰੁਪਏ ਲੁੱਟੇ ਗਏ ਹਨ। ਇਹ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋਈ ਹੈ ਤੇ ਉਨ੍ਹਾਂ ਕੋਲ ਇਹ ਫੁਟੇਜ ਮੌਜੂਦ ਹੈ। ਉਨ੍ਹਾਂ ਵੀ ਪੁਲਿਸ ਪ੍ਰਸ਼ਾਸ਼ਨ ਕੋਲੋਂ ਇਨਸਾਫ਼ ਦੀ ਮੰਗ ਕਰਦਿਆਂ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਧਰਨੇ ਮੌਕੇ ਪੁੱਜੇ ਏਸੀਪੀ ਸਰਬਜੀਤ ਬਾਜਵਾ ਨੇ ਕਿਹਾ ਕਿ ਪੁਲਿਸ ਵੱਲੋਂ ਸਬੂਤਾਂ ਦੇ ਆਧਾਰ 'ਤੇ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਇਨਸਾਫ ਦਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਮੁਲਜ਼ਮ ਪਾਏ ਗਏ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।