ਅੰਮ੍ਰਿਤਸਰ: ਅੰਮ੍ਰਿਤਸਰ ਰੇਲ ਹਾਦਸੇ ਨੂੰ ਅੱਜ ਇਕ ਸਾਲ ਪੂਰਾ ਹੋ ਗਿਆ ਹੈ ਪਰ ਓਹ ਖੌਫਨਾਕ ਤੇ ਦਰਦਨਾਕ ਯਾਦਾਂ ਅੱਜ ਵੀ ਪੀੜਤ ਪਰਿਵਾਰਾਂ ਨੂੰ ਸਤਾ ਰਹੀਆਂ ਹਨ। ਅਜਿਹਾ ਹੀ ਇਕ ਪਰਿਵਾਰ ਹੈ ਜਿਸ ਦਾ ਅਪਣਾ ਇਸ ਹਾਦਸੇ ਵਿੱਚ ਮਰ ਗਿਆ, ਪਰ ਨਾ ਹੀ ਉਸ ਪਰਿਵਾਰ ਨੂੰ ਅੱਜ ਤੱਕ ਕੋਈ ਮਾਲੀ ਮਦਦ ਮਿਲੀ ਹੈ, ਤੇ ਨਾ ਹੀ ਕੋਈ ਨੌਕਰੀ।
ਬਲਦੇਵ ਕੁਮਾਰ ਇਸ ਦਰਦਨਾਕ ਹਾਦਸੇ ਵਿੱਚ ਗ਼ਭੀਰ ਰੂਪ ਵਿੱਚ ਜਖ਼ਮੀ ਹੋ ਗਿਆ ਸੀ ਤੇ ਕਾਫੀ ਇਲਾਜ ਕਰਵਾਉਣ ਤੋਂ ਬਾਅਦ ਉਸ ਦੀ ਮੌਤ ਹੋ ਗਈ। ਹੁਣ ਰਮੇਸ਼ ਕੁਮਾਰ ਆਪਣੇ ਪਿਤਾ ਬਲਦੇਵ ਕੁਮਾਰ ਦਾ ਨਾ ਪੀੜਤਾਂ ਦੀ ਸੂਚੀ ਵਿੱਚ ਦਰਜ ਕਰਵਾਉਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ, ਪਰ ਨਾ ਹੀ ਕੋਈ ਉਸ ਦੀ ਫਰਿਆਦ ਸੁਣ ਰਿਹਾ ਹੈ ਤੇ ਨਾ ਹੀ ਉਸ ਨੂੰ ਕੋਈ ਮੁਆਵਜ਼ਾ ਦੇਣ ਲਈ ਤਿਆਰ ਹੈ।
ਇਹ ਹੈ ਮਾਮਲਾ
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੁਸਹਿਰੇ ਵਾਲੇ ਦਿਨ ਰਾਵਣ ਨੂੰ ਲਾਂਬੂ ਲੱਗਦਾ ਵੇਖਣ ਵੇਲੇ 60 ਦੇ ਕਰੀਬ ਲੋਕ ਰੇਲ ਗੱਡੀ ਦੀ ਚਪੇਟ ਵਿੱਚ ਆ ਗਏ ਤੇ ਕਾਲ ਦੇ ਮੂੰਹ ਵਿੱਚ ਚਲੇ ਗਏ। ਬਾਅਦ ਵਿੱਚ, ਕੈਪਟਨ ਸਰਕਾਰ ਨੇ ਪੀੜਤ ਪਰਿਵਾਰਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਤੇ ਨਾਲ ਹੀ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ। ਕਈਆਂ ਨੂੰ ਮੁਆਵਜ਼ਾ ਤਾਂ ਮਿਲ ਗਿਆ, ਪਰ ਸਰਕਾਰੀ ਨੌਕਰੀ ਨਹੀਂ।
ਇਹ ਵੀ ਪੜ੍ਹੋ: ਅੰਮ੍ਰਿਤਸਰ ਰੇਲ ਹਾਦਸੇ ਦੇ ਇਕ ਸਾਲ ਬਾਅਦ ਵੀ ਲੋਕਾਂ ਨੂੰ ਡਰਾ ਰਿਹੈ 'ਰਾਵਣ', ਵੇਖੋ ਵੀਡੀਓ
ਜਦਕਿ ਮ੍ਰਿਤਕ ਬਲਦੇਵ ਕੁਮਾਰ ਦਾ ਨਾਂਅ ਅੱਜ ਤੱਕ ਕਿਸੇ ਵੀ ਸੂਚੀ ਵਿੱਚ ਨਹੀਂ ਆਇਆ, ਨਾ ਹੀ ਮ੍ਰਿਤਕ ਦੀ ਤੇ ਨਾ ਹੀ ਜ਼ਖਮੀਆਂ ਦੀ ਸੂਚੀ ਵਿੱਚ। ਬਲਦੇਵ ਕੁਮਾਰ ਦੇ ਬੇਟੇ ਨੂੰ ਨਾ ਮਾਲੀ ਸਹਾਇਤਾ ਮਿਲੀ ਤੇ ਨਾ ਹੀ ਨੌਕਰੀ। ਉਸ ਨੇ ਕੈਪਟਨ ਸਰਕਾਰ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਦੇ ਘਰ ਦੀ ਮਾਲੀ ਹਾਲਕ ਬਹੁਤ ਖ਼ਰਾਬ ਹੈ, ਉਨ੍ਹਾਂ ਨੂੰ ਨੌਕਰੀ ਦੇ ਕੇ, ਉਨ੍ਹਾਂ ਦੀ ਮਦਦ ਕੀਤੀ ਜਾਵੇ।