ਅੰਮ੍ਰਿਤਸਰ: ਦੇਸ਼ ਭਰ ਦੇ ਵਿੱਚ ਜਿਥੇ ਲੋਹੜੀ ਦਾ ਤਿਉਹਾਰ ਬੇਹਦ ਧੂਮਧਾਮ ਨਾਲ ਮਨਾਇਆ ਗਿਆ, ਉਥੇ ਹੀ ਕਿਸਾਨ ਜਥੇਬੰਦੀਆਂ ਨੇ ਲੋਹੜੀ ਦਾ ਤਿਉਹਾਰ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਮਨਾਇਆ। ਇਸੇ ਤਰ੍ਹਾਂ ਹੀ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਵੀ ਸ਼ਹਿਰ ਵਾਸੀਆਂ ਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਕਾਲੀ ਲੋਹੜੀ ਮਨਾਈ।
ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਅੰਮ੍ਰਿਤਸਰ ਵਾਸੀਆਂ ਨੇ ਮਨਾਈ ਕਾਲੀ ਲੋਹੜੀ - ਖੇਤੀ ਕਾਨੂੰਨਾਂ ਦੀਆਂ ਕਾਪੀਆਂ
ਦੇਸ਼ ਭਰ ਦੇ 'ਚ ਜਿਥੇ ਧੂਮਧਾਮ ਨਾਲ ਲੋਹੜੀ ਦਾ ਤਿਉਹਾਰ ਮਨਾਇਆ ਗਿਆ, ਉਥੇ ਹੀ ਕਿਸਾਨ ਜਥੇਬੰਦੀਆਂ ਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਲੋਹੜੀ ਮਨਾਈ। ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਯਾਦ 'ਚ ਅਮ੍ਰਿਤਸਰ ਵਾਸੀਆਂ ਨੇ ਕਾਲੀ ਲੋਹੜੀ ਮਨਾਈ।
ਇਸ ਮੌਕੇ ਸ਼ਹਿਰ ਦੇ ਫ਼ਤਿਹਗੜ੍ਹ ਚੂੜੀਆਂ ਰੋਡ ਦੇ ਚਾਂਦ ਐਵਨਿਯੂ ਖੇਤਰ ਦੀ ਗ੍ਰਾਮ ਪੰਚਾਇਤ ਤੇ ਲੋਕਾਂ ਨੇ ਕਾਲੀ ਲੋਹੜੀ ਮਨਾਈ। ਲੋਕਾਂ ਨੇ ਕਿਹਾ ਕਿ ਆਪਣੇ ਹੱਕਾਂ ਲਈ ਕਿਸਾਨ ਲਗਾਤਾਰ ਦੋ ਮਹੀਨੇ ਤੋਂ ਦਿੱਲੀ ਦੇ ਬਾਰਡਰਾਂ 'ਤੇ ਧਰਨਾ ਦੇ ਰਹੇ ਹਨ। ਕਿਸਾਨ ਅੰਦੋਲਨ ਦੇ ਦੌਰਾਨ ਕਈ ਕਿਸਾਨ ਸ਼ਹੀਦ ਹੋਏ ਹਨ। ਇਸ ਕਾਰਨ ਉਹ ਕਾਲੀ ਲੋਹੜੀ ਮਨਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਜੋ ਖੇਤੀ ਕਾਨੂੰਨ ਲਾਗੂ ਕੀਤੇ ਹਨ ਉਹ ਕਿਸਾਨਾਂ ਦੇ ਨਾਲ-ਨਾਲ ਆਮ ਲੋਕਾਂ ਲਈ ਵੀ ਨੁਕਸਾਨਦਾਇਕ ਹਨ। ਇਸ ਲਈ ਉਨ੍ਹਾਂ ਨੇ ਲੋਹੜੀ ਦਾ ਤਿਉਹਾਰ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਮਨਾਇਆ।
ਸ਼ਹਿਰਵਾਸੀਆਂ ਨੇ ਕਿਹਾ ਕਿ ਲੋਹੜੀ ਮਨਾਉਣਾ ਮਹਿਜ਼ ਖੁਸ਼ੀ ਦਾ ਤਿਉਹਾਰ ਹੀ ਨਹੀਂ ਸਗੋਂ ਦੇਸ਼ ਦੇ ਅੰਨਦਾਤਾ ਦੀ ਫਸਲਾਂ ਨਾਲ ਸਬੰਧਤ ਤਿਉਹਾਰ ਵੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦੇਸ਼ ਦੇ ਕਿਸਾਨ ਕੜਾਕੇ ਦੀ ਠੰਢ 'ਚ ਸੜਕਾਂ 'ਤੇ ਰਹਿਣ ਲਈ ਮਜਬੂਰ ਹਨ। ਜੇਕਰ ਕਿਸਾਨ ਸੜਕਾਂ 'ਤੇ ਰੁੱਲ ਰਹੇ ਹਨ ਤਾਂ ਸਾਡੇ ਲਈ ਇਹ ਖੁਸ਼ੀ ਮਨਾਉਣਾ ਬੇਕਾਰ ਹੈ। ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਮੋਦੀ ਸਰਕਾਰ ਦੇਸ਼ਵਾਸੀਆਂ ਨਾਲ ਧੋਖਾ ਕਰ ਰਹੀ ਹੈ। ਉਨ੍ਹਾਂ ਕੇਂਦਰ ਸਰਕਾਰ ਕੋਲੋਂ ਜਲਦ ਤੋਂ ਜਲਦ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਤਾਂ ਜੋ ਕਿਸਾਨ ਜਲਦ ਹੀ ਆਪਣੇ ਘਰਾਂ ਨੂੰ ਪਰਤ ਸਕਣ।