ਅੰਮ੍ਰਿਤਸਰ: ਤਰਨ ਤਾਰਨ ਰੋਡ 'ਤੇ ਇੱਕ ਸੜਕ ਹਾਦਸੇ 'ਚ ਪੁਲਿਸ ਮੁਲਾਜ਼ਮ ਦੀ ਮੌਤ ਹੋਣ ਦੀ ਖ਼ਬਰ ਹੈ। ਪੁਲਿਸ ਮੁਲਾਜ਼ਮ ਦੀ ਮੌਤ ਕਿਸੇ ਅਣਪਛਾਤੇ ਵਾਹਨ ਨਾਲ ਟਕਰਾਉਣ ਕਾਰਨ ਹੋਈ ਹੈ।
ਅੰਮ੍ਰਿਤਸਰ: ਡਿਊਟੀ ਕਰਕੇ ਘਰ ਪਰਤ ਰਹੇ ਪੁਲਿਸ ਮੁਲਾਜ਼ਮ ਦੀ ਸੜਕ ਹਾਦਸੇ 'ਚ ਮੌਤ - ਪੁਲਿਸ ਮੁਲਾਜ਼ਮ ਦੀ ਸੜਕ ਹਾਦਸੇ 'ਚ ਮੌਤ
ਅੰਮ੍ਰਿਤਸਰ ਵਿਖੇ ਇੱਕ ਸੜਕ ਹਾਦਸੇ 'ਚ ਪੁਲਿਸ ਮੁਲਾਜ਼ਮ ਦੀ ਮੌਤ ਹੋਣ ਦੀ ਖ਼ਬਰ ਹੈ। ਐਤਵਾਰ ਰਾਤ ਨੂੰ ਪੁਲਿਸ ਮੁਲਾਜ਼ਮ ਵੀਕੈਂਡ ਲੌਕਡਾਊਨ ਦੌਰਾਨ ਡਿਊਟੀ ਕਰਕੇ ਘਰ ਪਰਤ ਰਿਹਾ ਸੀ ਕਿ ਅਣਪਛਾਤੇ ਵਾਹਨ ਨਾਲ ਟੱਕਰ ਹੋਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਚਓ ਕਸ਼ਮੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਮੁਲਾਜ਼ਮ ਦੀ ਪਛਾਣ ਸ਼ਾਮ ਲਾਲ ਵਜੋਂ ਹੋਈ ਹੈ। ਮ੍ਰਿਤਕ ਜੀਆਰਪੀ 'ਚ ਬਤੌਰ ਹੋਮਗਾਰਡ ਤਾਇਨਾਤ ਸੀ। ਐਤਵਾਰ ਨੂੰ ਵੀਕੈਂਡ ਲੌਕਡਾਊਨ ਦੀ ਡਿਊਟੀ ਖ਼ਤਮ ਕਰਕੇ ਉਹ ਆਪਣੇ ਘਰ ਨੂੰ ਪਰਤ ਰਿਹਾ ਸੀ। ਤਰਨ ਤਾਰਨ ਰੋਡ ਨੇੜੇ ਉਕਤ ਮੁਲਾਜ਼ਮ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਮ੍ਰਿਤਕ ਦਾ ਦੋਪਹੀਆ ਵਾਹਨ ਕਿਸੇ ਅਣਪਛਾਤੇ ਵਾਹਨ ਨਾਲ ਟਕਰਾਉਣ ਕਾਰਨ ਇਹ ਹਾਦਸਾ ਵਾਪਰਿਆ। ਅਣਪਛਾਤੇ ਵਾਹਨ ਦੀ ਚਪੇਟ 'ਚ ਆਉਣ ਕਾਰਨ ਸ਼ਾਮ ਲਾਲ ਦੇ ਸਿਰ 'ਤੇ ਡੂੰਘੀ ਸੱਟ ਲੱਗ ਗਈ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ।
ਐਸਐਚਓ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਉਹ ਟੀਮ ਨਾਲ ਪੁੱਜੇ। ਮ੍ਰਿਤਕ ਮੁਲਾਜ਼ਮ ਦੇ ਪਰਿਵਾਰ ਨੂੰ ਇਸ ਦੀ ਸੂਚਨਾ ਦਿੱਤੀ ਗਈ। ਉਨ੍ਹਾਂ ਕਿਹਾ ਕਿ ਹਾਦਸੇ ਵਾਲੀ ਥਾਂ ਨੇੜੇ ਇਮਾਰਤਾਂ ਅਤੇ ਇਲਾਕੇ ਦੀ ਸੀਸੀਟੀਵੀ ਫੁੱਟੇਜ ਚੈੱਕ ਕੀਤੀ ਜਾਵੇਗੀ ਤਾਂ ਜੋ ਹਾਦਸੇ ਦੀ ਤਫ਼ਤੀਸ਼ ਕੀਤੀ ਜਾ ਸਕੇ। ਐਸਐਚਓ ਨੇ ਕਿਹਾ ਕਿ ਉਹ ਪੀੜਤ ਪਰਿਵਾਰ ਦੀ ਆਰਥਿਕ ਮਦਦ ਲਈ ਸਰਕਾਰ ਨੂੰ ਅਪੀਲ ਕਰਨਗੇ।