ਅੰਮ੍ਰਿਤਸਰ: ਤਰਨ ਤਾਰਨ ਵਿਖੇ ਬਾਬਾ ਜਗਤਾਰ ਸਿੰਘ ਦੇ ਡੇਰੇ ਵਿਖੇ ਹੋਈ ਡੇਢ ਕਰੋੜ ਦੀ ਲੁੱਟ ਮਾਮਲੇ 'ਚ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਤਿੰਨਾਂ ਮੁਲਜ਼ਮਾਂ ਕੋਲੋਂ ਲੁੱਟੇ ਗਏ 53 ਲੱਖ ਰੁਪਏ ਵੀ ਬਾਰਮਦ ਕੀਤੇ ਗਏ ਹਨ।
1.50 ਕਰੋੜ ਦੀ ਲੁੱਟ ਦਾ ਮਾਮਲਾ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਤਰਨ ਤਾਰਨ ਪੁਲਿਸ ਵੱਲੋਂ ਡੇਰੇ ਵਿੱਚ ਹੋਈ ਡੇਢ ਕੋਰੜ ਦੀ ਲੁੱਟ ਮਾਮਲੇ 'ਚ ਅੰਮ੍ਰਿਤਸਰ ਪੁਲਿਸ ਵਿਭਾਗ ਨੂੰ ਮੁਲਜ਼ਮਾਂ ਦੇ ਸ਼ਹਿਰ 'ਚ ਹੋਣ ਸਬੰਧੀ ਸੂਚਨਾ ਦਿੱਤੀ ਗਈ ਸੀ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਨਾਕੇਬੰਦੀ ਕੀਤੀ ਗਈ। ਇਸ ਦੌਰਾਨ ਛੇਹਰਟਾ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਹੋਰ ਪੜ੍ਹੋ : ਤਰਨ ਤਾਰਨ ਪੁਲਿਸ ਨੇ ਸੁਲਝਾਇਆ 1.50 ਕਰੋੜ ਦੀ ਲੁੱਟ ਦਾ ਮਾਮਲਾ, 12 ਲੱਖ ਸਣੇ ਇੱਕ ਕਾਬੂ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਦੀ ਪਛਾਣ ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ ਤੇ ਤਰਸੇਮ ਸਿੰਘ ਵਜੋਂ ਹੋਈ ਹੈ। ਮੁਲਜ਼ਮਾਂ ਕੋਲੋਂ ਲੁੱਟ ਲਈ ਵਰਤੀ ਗਈ ਕਾਰ, 12 ਬੋਰ ਰਾਈਫਲ, 5 ਜਿੰਦਾ ਕਾਰਤੂਸ ਤੇ ਲੁੱਟੇ ਗਏ 53 ਲੱਖ 32 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ।
ਮੁਲਜ਼ਮਾਂ ਨੇ ਡੇਰੇ ਦੇ ਪੁਰਾਣੇ ਡਰਾਈਵਰ ਸਤਨਾਮ ਸਿੰਘ ਨਾਲ ਮਿਲ ਕੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ। ਦੱਸਣਯੋਗ ਹੈ ਕਿ ਸਤਨਾਮ ਸਿੰਘ ਨੂੰ ਤਰਨ ਤਾਰਨ ਪੁਲਿਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਅੰਮ੍ਰਿਤਸਰ ਪੁਲਿਸ ਵੱਲੋਂ ਮੁਲਜ਼ਮਾਂ ਦੇ ਵਿਰੁੱਧ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।