ਅੰਮ੍ਰਿਤਸਰ: ਸ਼ਹਿਰ ਦੇ ਕਬੀਰ ਨਗਰ ਪਾਰਕ 'ਤੇ ਨਜਾਇਜ਼ ਕਬਜ਼ੇ ਹਟਾਉਣ ਲਈ ਨਗਰ ਨਿਗਮ ਨੇ ਸਖ਼ਤ ਕਾਰਵਾਈ ਕਰਦਿਆਂ ਜੇਸੀਬੀ ਮਸ਼ੀਨਾਂ ਚਲਾਈਆਂ। ਇਸ ਦੌਰਾਨ ਕਬਜ਼ਾਧਾਰਕਾਂ ਤੇ ਅਧਿਕਾਰੀਆਂ ਵਿਚਾਲੇ ਹਲਕੀ ਝੜਪ ਵੀ ਹੋਈ ਪਰ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਨਜਾਇਜ਼ ਕਬਜ਼ਿਆਂ ਨੂੰ ਹਟਵਾਉਣ ਦੇ ਲਈ ਅੰਮ੍ਰਿਤਸਰ ਦੇ ਨਗਰ ਨਿਗਮ ਨੇ ਸ਼ਹਿਰ ਦੇ ਕਬੀਰ ਨਗਰ ਇਲਾਕੇ ਵਿੱਚ ਕਬਜ਼ਾ ਕਰ ਕੇ ਬੈਠੇ ਹੋਏ ਲੋਕਾਂ ਨੂੰ ਹਟਾਇਆ। ਜੇਸੀਬੀ ਮਸ਼ੀਨਾਂ ਨਾਲ ਮਿੰਟਾਂ 'ਚ ਹੀ ਝੁੱਗੀਆਂ ਤੇ ਘਰ ਢਾਹ ਦਿੱਤੇ ਗਏ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਇੰਮਪਰੂਵਮੈਂਟ ਟਰੱਸਟ ਦੀ ਜ਼ਮੀਨ ਉੱਤੇ 40 ਸਾਲਾਂ ਤੋਂ ਕੁੱਝ ਲੋਕ ਕਬਜ਼ਾ ਕਰ ਕੇ ਬੈਠੇ ਹੋਏ ਸਨ। ਕਈਆਂ ਨੇ ਇਥੇ ਘਰ ਵੀ ਉਸਾਰ ਲਏ ਸਨ ਤੇ ਕਈਆਂ ਨੇ ਝੁੱਗੀ ਝੋਪੜੀਆਂ ਬਣਾਈਆਂ ਹੋਈਆਂ ਸਨ।
ਈਟੀਵੀ ਭਾਰਤ ਨਾਲ ਗੱਲ ਕਰਦਿਆਂ ਕਬਜ਼ਾ ਧਾਰਕ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਬਜ਼ਾ ਹਟਾਉਣ ਤੋਂ ਪਹਿਲਾਂ ਕੋਈ ਨੋਟਿਸ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਪਹਿਲਾਂ ਨੋਟਿਸ ਦਿੱਤਾ ਗਿਆ ਹੁੰਦਾ ਤਾਂ ਘੱਟੋ-ਘੱਟ ਅਸੀਂ ਆਪਣਾ ਸਮਾਨ ਤਾਂ ਚੁੱਕ ਲੈਂਦੇ। ਲੋਕਾਂ ਨੇ ਕਿਹਾ ਕਿ ਮੌਕੇ ਉੱਤੇ ਜੇਸੀਬੀ ਮਸ਼ੀਨਾਂ ਚਲਾਉਣ ਕਾਰਨ ਉਨ੍ਹਾਂ ਦਾ ਕਾਫੀ ਨੁਕਸਾਨ ਹੋ ਗਿਆ। ਉਨ੍ਹਾਂ ਨੇ ਸਰਕਾਰ ਤੋਂ ਮਦਦ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਗ਼ਰੀਬ ਲੋਕ ਹਨ ਅਤੇ ਹੁਣ ਉਹ ਕਿਸ ਥਾਂ ਉੱਤੇ ਰਹਿਣਗੇ।
ਨਜਾਇਜ਼ ਕਬਜ਼ੇ ਹਟਾਉਣ ਲਈ ਚਲਾਇਆ ਪੀਲਾ ਪੰਜਾ ਦੂਜੇ ਪਾਸੇ ਮੌਕੇ 'ਤੇ ਇੰਮਪਰੂਵਮੈਂਟ ਟਰੱਸਟ ਦੇ ਅਧਿਕਾਰੀ ਨੇ ਕਿਹਾ ਕਿ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਇਹ ਮਾਮਲਾ ਅਦਾਲਤ 'ਚ ਚੱਲ ਰਿਹਾ ਸੀ। ਅਦਾਲਤ ਦਾ ਫੈਸਲਾ ਟਰੱਸਟ ਦੇ ਹੱਕ 'ਚ ਆਉਣ ਮਗਰੋਂ ਇਹ ਕਾਰਵਾਈ ਕੀਤੀ ਹੈ। ਇਸ ਮੌਕੇ ਡਿਊਟੀ ਮੈਜਿਸਟ੍ਰੇਟ ਅਨਮਜੋਤ ਕੌਰ ਵੀ ਮੌਜੂਦ ਰਹੇ। ਟਰੱਸਟ ਅਧਿਕਾਰੀ ਨੇ ਕਿਹਾ ਕਿ ਇਥੇ ਰਹਿਣ ਵਾਲੇ ਲੋਕਾਂ ਨੂੰ ਟਰੱਸਟ ਵੱਲੋਂ ਕਈ ਵਾਰ ਨੋਟਿਸ ਦਿੱਤਾ ਗਿਆ ਹੈ, ਪਰ ਇਹ ਇਥੋਂ ਕਬਜ਼ਾ ਹਟਾਉਣ ਲਈ ਤਿਆਰ ਨਹੀਂ ਸਨ। ਉਨ੍ਹਾਂ ਕਿਹਾ ਸਰਕਾਰੀ ਸਕੀਮ 'ਤੇ ਫਲੈਟ ਮਿਲੇ ਹਨ। ਇਸ ਦੇ ਬਾਵਜੂਦ ਇਹ ਲੋਕ ਫਲੈਟ ਕਿਰਾਏ 'ਤੇ ਚੜਾ ਕੇ ਆਪ ਇਥੇ ਰਹਿ ਰਹੇ ਹਨ। ਇਸ ਲਈ ਟਰੱਸਟ ਵੱਲੋਂ ਆਪਣੀ ਜ਼ਮੀਨ ਦਾ ਕਬਜ਼ਾ ਲੈਣ ਲਈ ਕਾਰਵਾਈ ਕੀਤੀ ਗਈ ਹੈ।
ਏਸੀਪੀ ਨਰਿੰਦਰ ਸਿੰਘ ਨੇ ਦੱਸਿਆ ਕਿ ਅਦਾਲਤ ਦੇ ਹੁਕਮਾਂ ਮੁਤਾਬਕ ਤੇ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ 'ਚ ਨਗਰ ਨਿਗਮ ਨਾਲ ਮਿਲ ਕੇ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿ ਕੁੱਝ ਲੋਕ ਜਬਰਨ ਟਰੱਸਟ ਦੀ ਜ਼ਮੀਨ 'ਤੇ ਕਬਜ਼ਾ ਕਰਕੇ ਬੈਠੇ ਸਨ, ਇਸ ਲਈ ਜੇਸੀਬੀ ਮਸ਼ੀਨਾਂ ਚਲਾ ਕੇ ਨਜਾਇਜ਼ ਕਬਜ਼ੇ ਹਟਾ ਦਿੱਤੇ ਗਏ ਹਨ।