ਅੰਮ੍ਰਿਤਸਰ: ਕੋਰੋਨਾ ਕਰਕੇ ਪੈਦਾ ਹੋਏ ਹਾਲਾਤਾਂ ਕਰਕੇ ਸਾਰੇ ਹੀ ਅਦਾਰਿਆਂ 'ਤੇ ਬੁਰਾ ਪ੍ਰਭਾਵ ਪਿਆ ਹੈ। ਅਜਿਹੇ ਸਮੇ 'ਚ ਮੰਦੀ ਦਾ ਅਸਰ ਹੋਟਲਾਂ ਅਤੇ ਗੈਸਟ ਹਾਊਸ 'ਤੇ ਵੀ ਪਿਆ ਹੈ। ਅੰਮ੍ਰਿਤਸਰ ਸ਼ਹਿਰ ਦੁਨੀਆ ਦੇ ਪ੍ਰਮੁੱਖ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ, ਜਿੱਥੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਅਨੇਕਾਂ ਹੋਟਲ ਅਤੇ ਗੈਸਟ ਹਾਊਸ ਹਨ। ਇਨ੍ਹਾਂ ਹੋਟਲਾਂ ਤੇ ਗੈਸਟ ਹਾਊਸਾਂ ਦੇ ਬੰਦ ਹੋਣ ਕਾਰਨ ਇਨ੍ਹਾਂ ਦੇ ਮਾਲਕਾਂ ਨੂੰ ਕੀ-ਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਈਟੀਵੀ ਭਾਰਤ ਵੱਲੋਂ ਹੋਟਲ ਐਸੋਸੀਏਸ਼ਨ ਅੰਮ੍ਰਿਤਸਰ ਦੇ ਚੇਅਰਮੈਨ ਸਤਨਾਮ ਸਿੰਘ ਕੰਡਾ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ।
'ਬੰਦ ਤੋਂ ਬਾਅਦ ਵੀ ਸਰਕਾਰ ਨੇ ਮਚਾਈ ਲੁੱਟ' - sri darbar sahib news
ਹੋਟਲਾਂ ਅਤੇ ਗੈਸਟ ਹਾਊਸ 'ਤੇ ਕੋਰੋਨਾ ਵਾਇਰਸ ਨਾਲ ਕੀਤੇ ਲੌਕਡਾਊਨ ਦਾ ਵੱਧ ਅਸਰ ਹੋਇਆ ਹੈ। ਹਾਲਾਤ ਅਜਿਹੇ ਹਨ ਕਿ ਹੁਣ ਲਗਭਗ 1 ਸਾਲ ਹੋਟਲਾਂ ਦਾ ਕੰਮ ਠੱਪ ਰਹਿਣ ਦੇ ਆਸਾਰ ਹਨ ਕਿਉਂਕਿ ਮੁਸਾਫ਼ਰ ਡਰਦੇ ਹੋਟਲਾਂ ਵਿੱਚ ਜਾਣ ਤੋਂ ਪਰਹੇਜ ਕਰਦੇ ਹਨ।
ਸਤਨਾਮ ਸਿੰਘ ਕੰਡਾ ਨੇ ਕਿਹਾ ਕਿ ਹੋਟਲ ਅੰਤਰਰਾਸ਼ਟਰੀ ਕੋਰੋਨਾ ਦੀ ਭੇਟ ਚੜ੍ਹ ਗਏ ਹਨ ਤੇ ਹੁਣ ਲਗਭਗ 1 ਸਾਲ ਹੋਟਲਾਂ ਦਾ ਕੰਮ ਠੱਪ ਰਹੇਗਾ ਕਿਉਂਕਿ ਮੁਸਾਫ਼ਰ ਡਰਦੇ ਨਹੀਂ ਆਉਂਦੇ। ਉਨ੍ਹਾਂ ਕਿਹਾ ਕਿ ਸਰਕਾਰ ਬੰਦ ਪਏ ਹੋਟਲਾਂ ਤੋਂ ਬਿਜਲੀ ਦੇ ਬਿੱਲ ਲੈ ਰਹੀ ਹੈ ਜਦੋਂ ਕਿ ਅਜਿਹੀ ਬਿਪਤਾ ਦੇ ਸਮੇਂ ਘੱਟੋ ਘੱਟ 4 ਮਹੀਨਿਆਂ ਦਾ ਬਿੱਲ ਸਰਕਾਰ ਨੂੰ ਨਹੀਂ ਲੈਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸਰਕਾਰ ਹੋਟਲਾਂ ਅਤੇ ਗੈਸਟ ਹਾਊਸ ਨੂੰ ਪਾਣੀ ਤੇ ਬਿਜਲੀ ਦਾ ਬਿੱਲ ਮਾਫ਼ ਕਰੇ।
ਸਤਨਾਮ ਸਿੰਘ ਕੰਡਾ ਨੇ ਕਿਹਾ ਕਿ ਦੂਜੇ ਪਾਸੇ ਨਗਰ ਨਿਗਮ ਅੰਮ੍ਰਿਤਸਰ ਕੰਜ਼ਰਵੇਸੀ ਨਾਂਅ ਦਾ ਟੈਕਸ ਲੈਂਦਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਟੂਰਿਜ਼ਮ ਵਿਭਾਗ ਵੱਲੋਂ ਉਨ੍ਹਾਂ ਤੋਂ ਲਿਸਟਾਂ ਮੰਗਵਾਈਆਂ ਗਈਆਂ ਸਨ ਕਿ ਕਿੰਨੇ ਮੁਲਾਜ਼ਮ ਕੰਮ ਕਰਦੇ ਹਨ? ਉਨ੍ਹਾਂ ਨੂੰ ਤਨਖ਼ਾਹ ਦਿੱਤੀ ਜਾਵੇਗੀ ਪਰ ਬਾਅਦ ਵਿੱਚ ਕੁਝ ਨਹੀਂ ਮਿਲਿਆ। ਹੁਣ ਤਾਂ ਉਹ ਮੁਲਾਜ਼ਮਾਂ ਨੂੰ ਵੀ ਆਪਣੇ ਕੋਲੋਂ ਰੋਟੀ ਖੁਆ ਰਹੇ ਹਨ। ਉਨ੍ਹਾਂ ਦੱਸਿਆ ਕਿ ਕਿਸੇ ਵੀ ਕੌਂਸਲਰ, ਲੀਡਰ ਜਾਂ ਅਧਿਕਾਰੀ ਨੇ ਉਨ੍ਹਾਂ ਦੀ ਬਾਤ ਨਹੀਂ ਪੁੱਛੀ ਅਤੇ ਹੁਣ ਕੁਝ ਕੌਂਸਲਰ ਜੋ ਰਾਸ਼ਨ ਵੰਡਦੇ ਹਨ ਉਹ ਵੀ ਪਾਰਟੀਬਾਜ਼ੀ ਕਰਕੇ ਲੋੜਵੰਦ ਲੋਕਾਂ ਨੂੰ ਅਣਗੌਲਿਆਂ ਕਰ ਰਹੇ ਹਨ।