ਅੰਮ੍ਰਿਤਸਰ : ਦੁਬਈ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇ ਚੇਅਰਮੈਨ ਪੰਜਾਬੀ ਸੁਰਿੰਦਰ ਸਿੰਘ ਕੰਧਾਰੀ ਵੱਲੋਂ ਕੋਰੋਨਾ ਸੰਕਟ ਦੇ ਚੱਲਦੇ ਅੰਮ੍ਰਿਤਸਰ ਜ਼ਿਲ੍ਹੇ ਲਈ 100 ਆਕਸੀਜਨ ਕੰਸਟਰੈਟਰ ਭੇਜੇ ਗਏ ਹਨ। ਜੋ ਕਿ ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ ਵਿੱਚ ਭੇਜੇ ਜਾਣਗੇ। ਗੁਰੂ ਨਾਨਕ ਹਸਪਤਾਲ ਵਿਖੇ ਇਹ ਸਹਾਇਤਾ ਪ੍ਰਾਪਤ ਕਰਨ ਲਈ ਸੰਸਦ ਮੈਂਬਰ ਸ ਗੁਰਜੀਤ ਸਿੰਘ ਔਜਲਾ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਸ਼ੂੰ ਅਗਰਵਾਲ, ਸ੍ਰੀ ਵਿਕਾਸ ਸੋਨੀ ਅਤੇ ਹੋਰ ਮੋਹਤਬਰ ਵਿਸ਼ੇਸ਼ ਤੌਰ ਉਤੇ ਪਹੁੰਚੇ।
ਇਸ ਮੌਕੇ ਸੰਸਦ ਮੈਂਬਰ ਔਜਲਾ ਨੇ ਕੰਧਾਰੀ ਪਰਿਵਾਰ ਦਾ ਧੰਨਵਾਦ ਕਰਦੇ ਕਿਹਾ ਕਿ ਸਾਡੇ ਲਈ ਵੱਡੀ ਰਾਹਤ ਵਾਲੀ ਗੱਲ ਇਹ ਰਹੀ ਹੈ ਕਿ ਪ੍ਰਵਾਸੀ ਪੰਜਾਬੀ ਮੁਸ਼ਕਿਲ ਦੇ ਇਸ ਦੌਰ ਵਿੱਚ ਵੀ ਦਿਲ ਖੋਲ੍ਹ ਕੇ ਸਾਡੇ ਨਾਲ ਖੜੇ ਹਨ। ਇਸਦੇ ਨਾਲ ਹੀ ਗੁਰਜੀਤ ਸਿੰਘ ਔਜਲਾ ਵੱਲੋਂ ਅਕਾਲੀ ਦਲ ਤੇ ਬਸਪਾ ਦੇ ਰਾਜਨੀਤਿਕ ਗੱਠਜੋੜ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਹੁਣ ਅਕਾਲੀ ਦਲ ਸਿਰਫ਼ ਦਲਿਤਾਂ ਨੂੰ ਇਸਤੇਮਾਲ ਕਰਕੇ ਆਪਣੀ ਕੁਰਸੀ ਬਚਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਪਤਾ ਹੈ ਕਿ ਹੁਣ ਲੋਕ ਅਕਾਲੀ ਦਲ ਦੇ ਆਗੂਆਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਗੇ। ਜਿਸ ਦੇ ਚੱਲਦੇ ਉਨ੍ਹਾਂ ਨੇ ਦਲਿਤਾਂ ਦਾ ਸਹਾਰਾ ਲੈ ਕੇ ਆਪਣੀ 2022 ਦੀ ਰਾਜਨੀਤਿਕ ਜ਼ਮੀਨ ਬਚਾਉਣ ਦੀ ਕੋਸ਼ਿਸ਼ ਕੀਤੀ ਹੈ।