ਅੰਮ੍ਰਿਤਸਰ:ਕੋਰੋਨਾ ਵਾਇਰਸ ਤੋਂ ਬਾਅਦ ਹੁਣ ਲੋਕਾਂ ਚ ਮੰਕੀਪਾਕਸ ਦੀ ਦਹਿਸ਼ਤ ਦੇਖਣ ਨੂੰ ਮਿਲ ਰਹੀ ਹੈ। ਦੂਜੇ ਪਾਸੇ ਪ੍ਰਸ਼ਾਸਨ ਵੀ ਇਸ ਨੂੰ ਲੈ ਕੇ ਅਲਰਟ ਹੋ ਗਿਆ ਹੈ। ਦੱਸ ਦਈਏ ਕਿ ਅੰਮ੍ਰਿਤਸਰ ’ਚ ਮੰਕੀਪਾਕਸ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਹਾਲਾਂਕਿ ਪਿਛਲੇ ਦਿਨੀਂ ਅੰਮ੍ਰਿਤਸਰ ਦੇ ਵਿੱਚ ਇਕ ਸ਼ੱਕੀ ਮੰਕੀਪਾਕਸ ਦਾ ਮਰੀਜ਼ ਆਉਣ ਦੀ ਗੱਲ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਸਰਕਾਰੀ ਪ੍ਰਸ਼ਾਸਨ ਵੱਲੋਂ ਮੰਕੀਪਾਕਸ ਨੂੰ ਲੈ ਕੇ ਤਿਆਰੀਆਂ ਕੱਸ ਲਈਆਂ ਗਈਆਂ ਹਨ।
ਇਸ ਸਬੰਧੀ ਅੰਮ੍ਰਿਤਸਰ ਸਿਵਲ ਸਰਜਨ ਨੇ ਦੱਸਿਆ ਕਿ ਫਿਲਹਾਲ ਅੰਮ੍ਰਿਤਸਰ ਵਿਚ ਕੋਈ ਵੀ ਮੰਕੀਪਾਕਸ ਦਾ ਮਰੀਜ਼ ਸਾਹਮਣੇ ਨਹੀਂ ਆਇਆ ਹੈ, ਪਰ ਪ੍ਰਸ਼ਾਸਨ ਵੱਲੋਂ ਪੂਰੀ ਤਰੀਕੇ ਨਾਲ ਮੰਕੀਪਾਕਸ ਨਾਲ ਨਜਿੱਠਣ ਲਈ ਤਿਆਰੀਆਂ ਕੀਤੀਆਂ ਹੋਈਆਂ ਹਨ ਅਤੇ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਵੱਖਰੀ ਵਾਰਡ ਬਣਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਮੰਕੀਪਾਕਸ ਚਮੜੀ ਨਾਲ ਜੁੜੀ ਬੀਮਾਰੀ ਹੈ, ਅਜਿਹੇ ‘ਚ ਡਿਪਾਰਟਮੈਂਟ ਆਫ ਡਰਮਾਟਾਲੋਜੀ ਦੇ ਖ਼ਾਸ ਡਾਕਟਰਾਂ ਦੀ ਟੀਮ ਨੂੰ ਤਾਇਨਾਤ ਕੀਤਾ ਗਿਆ ਹੈ, ਜੋ ਸਾਰੇ ਤਰ੍ਹਾਂ ਦੇ ਇੰਤਜ਼ਾਮ ਦੇਖਣਗੇ। ਡਿਪਾਰਟਮੈਂਟ ਆਫ ਵਾਇਰੋਲਾਜੀ ਨੂੰ ਟੈਸਟਿੰਗ ਅਤੇ ਸੈਂਪਲਿੰਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਅਤੇ ਗੁਰੂ ਨਾਨਕ ਦੇਵ ਹਸਪਤਾਲ ਦੇ ਅੰਦਰ ਮੈਡੀਕਲ ਕਾਲਜ ਲੈਬ ਵਿਚ ਸ਼ੱਕੀ ਮਰੀਜ਼ਾਂ ਦੇ ਟੈਸਟ ਕੀਤੇ ਜਾਣਗੇ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਅੰਮ੍ਰਿਤਸਰ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ਤੇ ਇਕ ਸ਼ੱਕੀ ਮਰੀਜ਼ ਆਉਣ ਦੀ ਗੱਲ ਸਾਹਮਣੇ ਆਈ ਸੀ ਜਿਸ ਦੇ ਬਾਰੇ ਲਗਾਤਾਰ ਹੀ ਖ਼ਬਰਾਂ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹੀਆਂ ਅਤੇ ਇਸ ਸਬੰਧੀ ਸਿਵਲ ਸਰਜਨ ਅੰਮ੍ਰਿਤਸਰ ਨੇ ਸਪਸ਼ਟ ਕੀਤਾ ਹੈ ਕਿ ਕਿਸੇ ਵੀ ਤਰੀਕੇ ਦਾ ਕੋਈ ਵੀ ਮੰਕੀਪਾਕਸ ਦਾ ਮਰੀਜ਼ ਅਜੇ ਤੱਕ ਅੰਮ੍ਰਿਤਸਰ ਵਿੱਚ ਸਾਹਮਣੇ ਨਹੀਂ ਆਇਆ।
ਇਹ ਵੀ ਪੜੋ:ਜਲੇਬੀਆਂ ਖਾਣ ਨਾਲ ਇੱਕੋ ਪਰਿਵਾਰ ਦੇ 4 ਜੀਆਂ ਦੀ ਸਿਹਤ ਹੋਈ ਖਰਾਬ, ਇੱਕ ਦੀ ਮੌਤ