ਅੰਮ੍ਰਿਤਸਰ: ਜ਼ਿਲ੍ਹਾ ਕਚਿਹਰੀ ਕੰਪਲੈਕਸ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ, ਜਦ ਕੁੱਝ ਲੋਕਾਂ ਦਾ ਕਚਿਹਰੀ 'ਚ ਸਥਿਤ ਇੱਕ ਦੁਕਾਨਦਾਰ ਨਾਲ ਝਗੜਾ ਹੋ ਗਿਆ। ਲੋਕਾਂ ਨੇ ਉਕਤ ਦੁਕਾਨਦਾਰ ਉੱਤੇ ਸਸਤੇ ਅਸ਼ਟਾਮ ਪੇਪਰ ਮਹਿੰਗੇ ਦਾਮਾਂ 'ਤੇ ਵੇਚ ਕੇ ਲੁੱਟ ਕਰਨ ਦੇ ਦੋਸ਼ ਲਾਏ।
ਕਚਿਹਰੀ 'ਚ 50 ਰੁਪਏ ਦਾ ਅਸ਼ਟਾਮ ਪੇਪਰ ਵਿਕ ਰਿਹਾ 300 ਰੁਪਏ 'ਚ, ਲੋਕਾਂ ਨੇ ਕੀਤਾ ਹੰਗਾਮਾ ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਕਤ ਦੁਕਾਨਦਾਰ ਸਸਤੇ ਅਸ਼ਟਾਮ ਪੇਪਰ ਮਹਿੰਗੇ ਰੇਟ 'ਤੇ ਵੇਚਦਾ ਹੈ। ਲੋਕਾਂ ਨੇ ਦੱਸਿਆ ਕਿ ਜਿਹੜੇ ਅਸ਼ਟਾਮ ਪੇਪਰ ਮਹਿਜ਼ 50 ਰੁਪਏ ਵਿੱਚ ਮਿਲਦੇ ਹਨ, ਉਕਤ ਦੁਕਾਨਦਾਰ ਉਹ ਹੀ ਅਸ਼ਟਾਮ ਪੇਪਰ 300 ਰੁਪਏ ਪ੍ਰਤੀ ਗਾਹਕ ਵੇਚਦਾ ਹੈ। ਉਨ੍ਹਾਂ ਕਿਹਾ ਕਿ ਦੁਕਾਨਦਾਰ ਵੱਲੋਂ ਅਜਿਹਾ ਕਰਨਾ ਸਰੇਆਮ ਲੁੱਟ ਹੈ। ਇਸ ਨੂੰ ਜਲਦ ਤੋਂ ਜਲਦ ਰੋਕਿਆ ਜਾਣਾ ਚਾਹੀਦਾ ਹੈ।
ਇਸ ਬਾਰੇ ਜਦ ਦੁਕਾਨਦਾਰ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਲੌਕਡਾਊਨ ਮਗਰੋਂ ਅਸ਼ਟਾਮ ਆਉਣੇ ਘੱਟ ਹੋ ਗਏ। ਇਸ ਲਈ ਉਸ ਨੇ ਇਹ ਪੇਪਰ ਸਾਂਭ ਲਏ ਤੇ ਬਲੈਕ 'ਚ ਇਨ੍ਹਾਂ ਨੂੰ ਵੇਚਦਾ ਹੈ। ਇਸ ਮਗਰੋਂ ਹੋਰਨਾਂ ਦੁਕਾਨਦਾਰਾਂ ਨਾਲ ਦੁਕਾਨਦਾਰ ਦਾ ਝਗੜਾ ਹੋ ਗਿਆ। ਪੀੜਤ ਗਾਹਕਾਂ ਨੇ ਇਸ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਕੀਤੀ।
ਸ਼ਿਕਾਇਤ ਮਿਲਣ ਮਗਰੋਂ ਮੌਕੇ 'ਤੇ ਡੀਆਰਓ ਮੁਕੇਸ਼ ਕੁਮਾਰ ਪਹੁੰਚੇ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਕਚਿਹਰੀ ਕੰਪਲੈਕਸ 'ਚ 90 ਨੰਬਰ ਦੁਕਾਨ ਦਾ ਹੈ। ਇਸ ਦੁਕਾਨ ਦਾ ਲਾਇਸੈਂਸ ਕਿਸੇ ਦੀਪਕ ਕੁਮਾਰ ਨਾਂਅ ਦੇ ਵਿਅਕਤੀ 'ਤੇ ਰਜਿਸਟਰਡ ਹੈ। ਮੌਜੂਦਾ ਸਮੇਂ 'ਚ ਇੱਕ ਲੜਕੀ ਅਤੇ ਇੱਕ ਬਜ਼ੁਰਗ ਵਿਅਕਤੀ ਇਹ ਦੁਕਾਨ ਚਲਾ ਰਹੇ ਹਨ। ਜਦ ਮੁਕੇਸ਼ ਕੁਮਾਰ ਨੇ ਦੁਕਾਨ ਮਾਲਕ ਤੋਂ ਇਸ ਬਾਰੇ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਡੀਆਰਓ ਨੇ ਦੱਸਿਆ ਕਿ ਉਨ੍ਹਾਂ ਨੇ ਦੁਕਾਨ ਦੇ ਰਜਿਸਟਰ ਅਤੇ ਅਸ਼ਟਾਮ ਆਪਣੇ ਕਬਜ਼ੇ 'ਚ ਲੈ ਕੇ ਦੁਕਾਨਦਾਰ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ।