ਅੰਮ੍ਰਿਤਸਰ: ਕੇਰਲਾ ਦਾ ਰਹਿਣ ਵਾਲਾ ਵਿੱਕੀ ਥੋਮਸ ਜੋ ਕਿ ਕ੍ਰਿਸਚੀਅਨ ਧਰਮ ਨੂੰ ਛੱਡ ਕੇ ਸਿੱਖੀ ਧਰਮ ਨੂੰ ਅਪਣਾ ਚੁੱਕਾ ਹੈ। ਉਸ ਦੀਆਂ ਵੀਡੀਓ ਲਗਾਤਾਰ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲਦੀਆਂ ਹਨ। ਹੋਲੇ ਮਹੱਲੇ ਦੌਰਾਨ ਆਨੰਦਪੁਰ ਸਾਹਿਬ ਵਿਖੇ ਵਿੱਕੀ ਥਾਮਸ ਵੱਲੋਂ ਮਸੀਹੀ ਭਾਈਚਾਰੇ ਖ਼ਿਲਾਫ਼ ਕੀਤੀ ਟਿੱਪਣੀ ਉਸ ਨੂੰ ਮਹਿੰਗੀ ਪੈਂਦੀ ਦਿਖਾਈ ਦੇ ਰਹੀ।
ਜਿਸ ਤੋਂ ਬਾਅਦ ਸਮੂਹ ਕ੍ਰਿਸਚੀਅਨ ਭਾਈਚਾਰੇ ਵੱਲੋਂ ਵਿੱਕੀ ਥੌਮਸ ਖ਼ਿਲਾਫ਼ ਵੱਖ-ਵੱਖ ਥਾਵਾਂ ਤੇ ਮੰਗ ਪੱਤਰ ਵੀ ਦਿੱਤੇ ਜਾ ਰਹੇ ਹਨ। ਜਿਸਦੇ ਚਲਦੇ ਅੰਮਿ੍ਤਸਰ ਦੇ ਤਹਿਸੀਲ ਅਜਨਾਲਾ ਵਿਖੇ ਵਿੱਕੀ ਥੌਮਸ ਦੇ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਹੋ ਗਿਆ ਹੈ।
ਇਸ ਸਬੰਧੀ ਸ਼ਿਕਾਇਤਕਰਤਾ ਰਾਜੂ ਮਸੀਹ ਨੇ ਦੱਸਿਆ ਕਿ ਵਿੱਕੀ ਥੌਮਸ ਵੱਲੋਂ ਲਗਾਤਾਰ ਹੀ ਕ੍ਰਿਸਚਨ ਭਾਈ ਚਾਰੇ ਖ਼ਿਲਾਫ ਗਲਤ ਟਿੱਪਣੀਆਂ ਕੀਤੀਆਂ ਜਾ ਰਹੀਆਂ ਸਨ। ਪਿਛਲੇ ਦਿਨੀਂ ਉਸ ਵੱਲੋਂ ਪਰਫੈਕਟ ਬਲਜਿੰਦਰ ਸਿੰਘ ਦੇ ਖਿਲਾਫ ਟਿੱਪਣੀ ਕੀਤੀ ਗਈ ਜੋ ਕਿ ਨਾ ਸਹਾਰਨਯੋਗ ਸੀ ਜਿਸ ਤੋਂ ਬਾਅਦ ਸਮੂਹ ਕ੍ਰਿਸਚਨ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਸੀ।
ਉਨ੍ਹਾਂ ਵੱਲੋਂ ਵੱਖ-ਵੱਖ ਥਾਣਿਆਂ ਦੇ 'ਚ ਦਰਖਾਸਤ ਵੀ ਦਿੱਤੀ ਗਈ ਸੀ ਅਤੇ ਜਿਸਦੇ ਚਲਦੇ ਵਿੱਕੀ ਥੌਮਸ ਦੇ ਉੱਤੇ ਕਾਰਵਾਈ ਹੁੰਦੇ ਹੋਏ ਹੁਣ ਮਾਮਲਾ ਦਰਜ ਹੋ ਗਿਆ ਹੈ। ਇਸ ਦੇ ਨਾਲ ਹੀ ਅੱਗੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਿਰਫ ਵਿੱਕੀ ਥੌਮਸ ਨਹੀਂ ਅਗਰ ਕੋਈ ਵੀ ਵਿਅਕਤੀ ਕਿਸੇ ਵੀ ਧਰਮ ਦੇ ਖ਼ਿਲਾਫ਼ ਕੋਈ ਟਿੱਪਣੀ ਕਰੇਗਾ 'ਤੇ ਅਸੀਂ ਇਸੇ ਤਰ੍ਹਾਂ ਸਾਰਾ ਮਸੀਹੀ ਭਾਈਚਾਰਾ ਇੱਕਜੁੱਟ ਹੋ ਕੇ ਉਸ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਾਂਗਾ।
ਦੂਜੇ ਪਾਸੇ ਇਸ ਸੰਬੰਧੀ ਪੁਲਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿਛਲੇ ਦਿਨੀਂ ਯੂ ਟਿਊਬ ਦੇ ਉੱਤੇ ਵਿੱਕੀ ਥੌਮਸ ਵੱਲੋਂ ਪਾਈ ਵੀਡੀਓ ਦੇ ਉੱਤੇ ਕਾਰਵਾਈ ਕਰਦੇ ਹੋਏ ਐਫਆਈਆਰ ਨੰਬਰ 0056 ਦੇ ਅਧੀਨ ਉਨ੍ਹਾਂ ਵੱਲੋਂ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅੱਗੇ ਜਾਂਚ ਚੱਲ ਰਹੀ ਹੈ।