ਅੰਮ੍ਰਿਤਸਰ: ਸ੍ਰੀ ਦਰਬਾਰ ਸਾਹਿਬ ਦੇ ਰਾਹ 'ਤੇ ਲੱਗੇ ਹੈਰੀਟੇਜ ਸਟ੍ਰੀਟ ਦੇ ਬੁੱਤਾਂ ਨੂੰ ਤੋੜਨ ਤੇ ਪੁਲਿਸ ਉੱਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ 'ਚ ਲੋੜੀਂਦੇ 9 ਵੇਂ ਮੁਲਜ਼ਮ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਨੇ ਮੋਹਾਲੀ ਤੋਂ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਮੁਲਜ਼ਮ ਅੰਮ੍ਰਿਤਪਾਲ ਸਿੰਘ ਥਾਣਾ ਕੋਤਵਾਲੀ ਪੁਲਿਸ ਵੱਲੋਂ ਦਰਜ ਕੀਤੇ ਗਏ ਮਾਮਲੇ ਸਬੰਧੀ ਪੰਜਾਬ ਡੀਜੀਪੀ ਨੂੰ ਮੈਮੋਰੈਂਡਮ ਦੇਣ ਜਾ ਰਿਹਾ ਸੀ। ਇਸ ਬਾਰੇ ਪੁਲਿਸ ਕਮਿਸ਼ਨਰ ਸੁੱਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਹੈਰੀਟੇਜ ਸਟ੍ਰੀਟ ਦੇ ਬੁੱਤਾਂ ਨੂੰ ਤੋੜਨ ਦੇ ਮਾਮਲੇ 'ਚ ਫਰਾਰ 9ਵੇਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਹੈਰਿਟੇਜ ਸਟ੍ਰੀਟ 'ਚ ਲੱਗੇ ਬੁੱਤਾਂ ਦੀ ਭੰਨਤੋੜ ਮਾਮਲੇ 'ਚ9 ਵਾਂ ਮੁਲਜ਼ਮ ਗ੍ਰਿਫਤਾਰ ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਟੀਮ ਮੁਲਜ਼ਮ ਨੂੰ ਮੋਹਾਲੀ ਤੋਂ ਫੜ ਕੇ ਅੰਮ੍ਰਿਤਸਰ ਲਿਆ ਕੇ ਅਦਾਲਤ 'ਚ ਪੇਸ਼ ਕੀਤਾ ਗਿਆ। ਇਥੇ ਮਾਣਯੋਗ ਅਦਾਲਤ ਵੱਲੋਂ ਮੁਲਜ਼ਮ ਨੂੰ 2 ਦਿਨੀਂ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਹੈ। ਇਸ ਮਾਮਲੇ 'ਚ ਆਪਣਾ ਪੱਖ ਰੱਖਦੇ ਹੋਏ ਅਮ੍ਰਿਤਪਾਲ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਧਾਰਾ 307 ਦੇ ਤਹਿਤ ਮਾਮਲਾ ਦਰਜ ਕਰਨਾ ਕਾਨੂੰਨੀ ਦਾਇਰੇ ਤੋਂ ਬਾਹਰ ਹੈ। ਉਨ੍ਹਾਂ ਦੱਸਿਆ ਕਿ ਭੰਨਤੋੜ ਕਰਨ ਦਾ ਮਕਸਦ ਮਹਿਜ ਪੰਜਾਬ ਸਰਕਾਰ ਤੋਂ ਸੜਕ ਨੂੰ ਹੋਰ ਖੁਲ੍ਹੀ ਕਰਨ ਦੀ ਮੰਗ ਲਈ ਕੀਤਾ ਸੀ।
ਸਾਡੇ ਵੱਲੋਂ ਕਿਸੇ ਵੀ ਪੁਲਿਸ ਮੁਲਾਜ਼ਮ 'ਤੇ ਹਮਲਾ ਨਹੀਂ ਕੀਤਾ ਗਿਆ। ਜਦਕਿ ਪੁਲਿਸ ਵੱਲੋਂ ਸਾਰੇ ਹੀ ਨੌਜਵਾਨਾਂ ਉੱਤੇ ਧਾਰਾ 307 ਦੇ ਤਹਿਤ ਕਾਤਿਲਾਨਾ ਹਮਲਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਲਈ ਉਨ੍ਹਾਂ ਨੇ ਲਿਖਤੀ ਸ਼ਿਕਾਇਤ ਵੀ ਕੀਤੀ ਸੀ ਪਰ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ 'ਤੇ ਕੋਈ ਧਿਆਨ ਨਹੀਂ ਦਿੱਤਾ ਗਿਆ। ਅੰਮ੍ਰਿਤਪਾਲ ਨੇ ਦੱਸਿਆ ਕਿ 307 ਧਾਰਾ ਜੋ ਸਾਡੇ 'ਤੇ ਥੋਪੀ ਗਈ ਹੈ ਉਹ ਬੇਬੁਨਿਆਦ ਹੈ।