ਅੰਮ੍ਰਿਤਸਰ: ਕੋਰੋਨਾ ਮਹਾਂਮਾਰੀ ਦੇ ਚੱਲਦੇ ਲੱਗੇ ਲੌਕਡਾਊਨ ਕਰਕੇ ਕਈ ਭਾਰਤੀ ਪਾਕਿਸਤਾਨ ਵਿੱਚ ਫਸੇ ਹੋਏ ਹਨ। ਇਨ੍ਹਾਂ ਵਿੱਚੋਂ 400 ਦੇ ਕਰੀਬ ਭਾਰਤੀਆਂ ਦੀ ਮੰਗਲਵਾਰ ਨੂੰ ਵਾਘਾ ਬਾਰਡਰ ਰਾਹੀਂ ਵਤਨ ਵਾਪਸੀ ਹੋਈ ਹੈ। ਮੌਕੇ 'ਤੇ ਮੌਜੂਦ ਅਧਿਕਾਰੀਆਂ ਨੇ ਦੱਸਿਆ ਕਿ 90 ਪ੍ਰਤੀਸ਼ਤ ਤੋਂ ਵੱਧ ਲੋਕ ਭਾਰਤ ਦੀ ਸਰਹੱਦ ਵਿੱਚ ਦਾਖ਼ਲ ਹੋ ਚੁੱਕੇ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਾਘਾ ਸਰਹੱਦ 'ਤੇ ਏਐਸਆਈ ਅਰੁਣ ਕੁਮਾਰ ਨੇ ਦੱਸਿਆ ਕਿ ਭਾਰਤੀ ਸਰਹੱਦ 'ਤੇ ਮੈਡੀਕਲ ਟੀਮ ਤਾਇਨਾਤ ਕੀਤੀ ਗਈ ਹੈ ਜੋ ਆਉਣ ਵਾਲੇ ਲੋਕਾਂ ਦਾ ਕੋਰੋਨਾ ਟੈਸਟ ਕਰ ਰਹੀ ਹੈ। ਪ੍ਰਬੰਧਾ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਜਿਨ੍ਹਾਂ ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਏਗੀ, ਉਨ੍ਹਾਂ ਨੂੰ ਘਰ ਭੇਜ ਦਿੱਤਾ ਜਾਵੇਗਾ ਅਤੇ ਘਰੇ ਕੁਆਰੰਟੀਨ ਰਹਿਣ ਦੀ ਹਦਾਇਤ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਏਗੀ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਕੁਆਰੰਟੀਨ ਸੈਂਟਰ ਵਿੱਚ ਰੱਖਿਆ ਜਾਵੇਗਾ।