ਅੰਮ੍ਰਿਤਸਰ: ਭਾਰਤ ਤੇ ਪਾਕਿਸਤਾਨ ਦੋਹਾਂ ਦੇਸ਼ਾਂ 'ਚ ਸਥਿਤ ਅੰਬੈਸੀਆਂ ਚੋਂ 50 ਫੀਸਦੀ ਸਟਾਫ 'ਚ ਕਟੌਤੀ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਇਸੇ ਕੜੀ 'ਚ ਅੱਜ ਪਾਕਿਸਤਾਨ ਤੋਂ ਭਾਰਤੀ ਅੰਬੈਸੀ ਦੇ 6 ਡਿਪਲੋਮੈਟ ਸਣੇ 38 ਅਧਿਕਾਰੀਆਂ ਨੇ ਵਤਨ ਵਾਪਸੀ ਕੀਤੀ ਹੈ। ਇਸ ਦੌਰਾਨ ਰਾਜਧਾਨੀ ਦਿੱਲੀ 'ਚ ਸਥਿਤ ਪਾਕਿਸਤਾਨ ਅੰਬੈਸੀ ਦੇ 143 ਅਧਿਕਾਰੀਆਂ ਨੂੰ ਪਰਿਵਾਰਾਂ ਸਣੇ ਪਾਕਿਸਤਾਨ ਰਵਾਨਾ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਭਾਰਤੀ ਅੰਬੈਸੀ ਦੇ 6 ਡਿਪਲੋਮੈਟ ਸਣੇ 38 ਅਧਿਕਾਰੀ ਅਟਾਰੀ ਵਾਹਗਾ ਬਾਰਡਰ ਰਾਹੀਂ ਭਾਰਤ ਵਾਪਸ ਪਰਤੇ। ਇਸ ਤੋਂ ਇਲਾਵਾ ਪਾਕਿਸਤਾਨ ਜਾਣ ਲਈ ਪਾਕਿਸਤਾਨ ਅੰਬੈਸੀ ਦੇ 143 ਅਧਿਕਾਰੀ ਪਰਿਵਾਰਾਂ ਸਮੇਤ ਵਾਹਗਾ ਬਾਰਡਰ ਪਹੁੰਚੇ। ਇਹ ਪਾਕਿਸਤਾਨੀ ਨਾਗਰਿਕ ਹਨ, ਜੋ ਕਿ ਨਵੀਂ ਦਿੱਲੀ 'ਚ ਸਥਿਤ ਪਾਕਿਸਤਾਨੀ ਅੰਬੈਸੀ 'ਚ ਕੰਮ ਕਰਦੇ ਸਨ। ਇਸ ਦੀ ਜਾਣਕਾਰੀ ਏਐਸਆਈ ਅਰੁਣ ਪਾਲ ਨੇ ਦਿੱਤੀ।