ਅੰਮ੍ਰਿਤਸਰ: ਅੱਜ ਕੁੜੀਆਂ ਮੁੰਡਿਆਂ ਦੇ ਬਰਾਬਰ ਖੜ੍ਹੀਆਂ ਹਨ, ਭਾਵੇਂ ਕੋਈ ਵੀ ਜਮਾਤ ਹੋਵੇ, ਕੋਈ ਵੀ ਵਿਭਾਗ ਹੋਵੇ, ਹਰ ਥਾਂ ਕੁੜੀਆਂ ਨੇ ਮੁੰਡਿਆਂ ਦੇ ਬਰਾਬਰ ਮੁਕਾਮ ਹਾਸਲ ਕਰਕੇ ਉੱਚੀਆਂ ਪ੍ਰਾਪਤੀਆਂ ਹਾਸਿਲ ਕੀਤੀਆਂ ਹਨ। ਔਰਤਾਂ ਨੇ ਪੂਰੀ ਦੁਨੀਆ ਵਿੱਚ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ ਅਤੇ ਨਾਲ ਹੀ ਇਹ ਦੱਸਿਆ ਕਿ ਲੜਕੀਆਂ ਕਿਸੇ ਤੋਂ ਘੱਟ ਨਹੀਂ ਹੁੰਦੀਆਂ। ਅਜਿਹੀ ਹੀ ਇਕ ਮਿਸਾਲ ਅੰਮ੍ਰਿਤਸਰ 'ਚ ਦੇਖਣ ਨੂੰ ਮਿਲੀ ਜਿੱਥੇ ਇੱਕ 18 ਸਾਲਾਂ ਸੰਨੀ ਕੇਤਨਾ ਦੇ ਘਰ ਦੇ ਹਾਲਾਤ ਅਜਿਹੇ ਬਣ ਗਏ ਕਿ ਉਨ੍ਹਾਂ ਨੂੰ ਆਪਣੇ ਪਿਤਾ ਦਾ ਕਾਰੋਬਾਰ ਨੂੰ ਸੰਭਾਲਣਾ ਪਿਆ ਅਤੇ ਅੱਜ ਉਹ ਆਪਣੇ ਪੂਰੇ ਪਰਿਵਾਰ ਦੀ ਦੇਖਭਾਲ ਕਰ ਰਹੀ ਹੈ।
ਦਰਅਸਲ ਅੰਮ੍ਰਿਤਸਰ ਦੇ ਰਹਿਣ ਵਾਲੀ ਸੰਨੀ ਕੇਤਨਾ ਦੇ ਪਿਤਾ ਕੁਝ ਸਮਾਂ ਪਹਿਲਾਂ ਇੱਕ ਹਾਦਸੇ ਦੇ ਸ਼ਿਕਾਰ ਹੋ ਗਏ ਸੀ, ਜਿਸ ਤੋਂ ਬਾਅਦ ਉਸ ਦੇ ਪਿਤਾ ਦਾ ਲੰਬਾ ਇਲਾਜ ਚੱਲਿਆ ਅਤੇ ਉਹ ਅਜੇ ਵੀ ਬੈੱਡ ਰੈਸਟ 'ਤੇ ਹਨ ਪਰ ਘਰ ਦਾ ਪਾਲਣ ਪੋਸ਼ਣ ਕਿਸੇ ਤਰੀਕੇ ਤਾਂ ਕਰਨਾ ਸੀ ਤਾਂ ਸੰਨੀ ਕੇਤਨਾ ਨੇ ਆਪਣੇ ਘਰ ਦੀ ਕਮਾਨ ਆਪਣੇ ਹੱਥਾਂ ਵਿਚ ਲੈ ਲਈ ਅਤੇ ਆਪਣੇ ਪਿਤਾ ਦੇ ਦੁੱਧ ਦਾ ਕਾਰੋਬਾਰ ਆਪਣੇ ਆਪ ਕਰਨ ਲੱਗ ਪਈ।
ਮੋਟਰਸਾਈਕਲ ਚਲਾਉਣ ਦਾ ਸ਼ੌਕ ਆਇਆ ਕੰਮ: ਸੰਨੀ ਕੇਤਨਾ ਨੇ ਦੱਸਿਆ ਕਿ ਪਹਿਲਾਂ ਉਸਦੇ ਰਿਸ਼ਤੇਦਾਰੀ ਚੋਂ ਭਰਾ ਉਨ੍ਹਾਂ ਦੀ ਮਦਦ ਲਈ ਹਾਂ ਕੀਤੀ ਪਰ ਬਾਅਦ ਵਿਚ ਉਨ੍ਹਾਂ ਨੇ ਵੀ ਮਨ੍ਹਾਂ ਕਰ ਦਿੱਤਾ। ਪਰ ਬਾਅਦ ਵਿਚ ਉਸ ਨੇ ਸੋਚਿਆ ਕਿ ਉਸ ਨੂੰ ਇਹ ਸਭ ਕੁਝ ਆਪ ਹੀ ਕਰਨਾ ਪਵੇਗਾ। ਇਸੇ ਕੰਮ ਵਿੱਚ ਸੰਨੀ ਕੇਤਨਾ ਦਾ ਉਸਦਾ ਮੋਟਰਸਾਈਕਲ ਚਲਾਉਣ ਦਾ ਸ਼ੌਕ ਉਸਨੂੰ ਅੱਜ ਕੰਮ ਆ ਰਿਹਾ ਹੈ।
ਸੰਨੀ ਕੇਤਨਾ ਨੇ ਦੱਸਿਆ ਕਿ ਸ਼ੁਰੂ ਵਿਚ ਜਦੋਂ ਉਹ ਘਰ-ਘਰ ਦੁੱਧ ਪਹੁੰਚਾਉਂਦੀ ਸੀ ਤਾਂ ਉਹ ਥੋੜ੍ਹਾ ਘਬਰਾਈ ਹੋਈ ਸੀ ਅਤੇ ਲੋਕ ਉਸ 'ਤੇ ਹੱਸਦੇ ਸੀ ਅਤੇ ਸੋਚਦੇ ਸੀ ਕਿ ਇੰਨੀ ਛੋਟੀ ਕੁੜੀ ਇਹ ਕੰਮ ਕਿਵੇਂ ਕਰੇਗੀ ਪਰ ਹੁਣ ਹਰ ਕੋਈ ਉਸ ਨੂੰ ਉਤਸ਼ਾਹਿਤ ਕਰਦਾ ਹੈ। ਸੰਨੀ ਕੇਤਨਾ ਨੇ ਦੱਸਿਆ ਕਿ ਉਹ ਇਸ ਕੰਮ ਦੇ ਨਾਲ-ਨਾਲ ਡਾਕਟਰੀ ਦੀ ਪੜ੍ਹਾਈ ਵੀ ਕਰ ਰਹੀ ਹੈ ਅਤੇ ਭਵਿੱਖ 'ਚ ਵੈਟਰਨਰੀ ਡਾਕਟਰ ਬਣਨਾ ਚਾਹੁੰਦੀ ਹੈ।