ਨਵੀਂ ਦਿੱਲੀ/ਮੁੰਬਈ: ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਸੋਨਾ 60,100 ਰੁਪਏ ਪ੍ਰਤੀ 10 ਗ੍ਰਾਮ 'ਤੇ ਸਥਿਰ ਰਿਹਾ। HDFC ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ ਚਾਂਦੀ ਦੀ ਕੀਮਤ 100 ਰੁਪਏ ਡਿੱਗ ਕੇ 74900 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।ਕੌਮਾਂਤਰੀ ਬਾਜ਼ਾਰ 'ਚ ਸੋਨਾ ਲਗਭਗ 1,934 ਡਾਲਰ ਪ੍ਰਤੀ ਔਂਸ 'ਤੇ ਰਿਹਾ, ਜਦਕਿ ਚਾਂਦੀ ਦੀ ਕੀਮਤ 23.47 ਡਾਲਰ ਪ੍ਰਤੀ ਔਂਸ 'ਤੇ ਰਹੀ। ਸਰਕਾਰੀ ਬਾਂਡਾਂ ਤੋਂ ਉਪਜ ਵੱਧਣ ਅਤੇ ਮਜ਼ਬੂਤ ਡਾਲਰ ਸੂਚਕਾਂਕ ਕਾਰਨ ਇਸ ਹਫ਼ਤੇ ਸੋਨੇ ਦੀਆਂ ਕੀਮਤਾਂ ਦਬਾਅ ਹੇਠ ਸਨ। ਐੱਚ.ਡੀ.ਐੱਫ.ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਵਸਤੂਆਂ) ਸੌਮਿਲ ਗਾਂਧੀ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਆਉਣ ਵਾਲੇ ਅਮਰੀਕੀ ਰੋਜ਼ਗਾਰ ਅੰਕੜੇ ਫੈਡਰਲ ਰਿਜ਼ਰਵ ਦੇ ਅਗਲੇ ਵਿਆਜ ਦਰ ਵਾਧੇ ਦੇ ਸੰਦਰਭ 'ਚ ਸੰਕੇਤ ਦੇ ਸਕਦੇ ਹਨ।
ਰੁਪਿਆ 2 ਮਹੀਨਿਆਂ ਦੇ ਹੇਠਲੇ ਪੱਧਰ ਉੱਤੇ:ਸ਼ੁੱਕਰਵਾਰ ਨੂੰ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ ਅੱਠ ਪੈਸੇ ਦੀ ਗਿਰਾਵਟ ਨਾਲ 82.82 ਪ੍ਰਤੀ ਡਾਲਰ (ਆਰਜ਼ੀ) ਦੇ 2 ਮਹੀਨਿਆਂ ਤੋਂ ਵੱਧ ਦੇ ਹੇਠਲੇ ਪੱਧਰ ਉੱਤੇ ਬੰਦ ਹੋਇਆ। ਸੁਰੱਖਿਅਤ ਪਨਾਹਗਾਹ ਨਿਵੇਸ਼ ਵਿਕਲਪ ਵਜੋਂ ਡਾਲਰ ਦੀ ਮੰਗ ਵੱਧਣ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਮਜ਼ਬੂਤੀ ਨੇ ਰੁਪਏ ਦੀ ਧਾਰਨਾ ਨੂੰ ਕਮਜ਼ੋਰ ਕੀਤਾ। ਬਾਜ਼ਾਰ ਵਿਸ਼ਲੇਸ਼ਕਾਂ ਨੇ ਕਿਹਾ ਕਿ ਵਿਦੇਸ਼ੀ ਫੰਡਾਂ ਦੀ ਨਿਕਾਸੀ ਨੇ ਵੀ ਰੁਪਏ 'ਤੇ ਦਬਾਅ ਪਾਇਆ। ਇੰਟਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਿਆ 82.73 'ਤੇ ਖੁੱਲ੍ਹਿਆ।
ਦਿਨ ਦੇ ਕਾਰੋਬਾਰ ਦੌਰਾਨ, ਇਹ 82.72 ਦੇ ਉੱਚ ਪੱਧਰ ਤੱਕ ਚਲਾ ਗਿਆ ਅਤੇ 82.85 ਦੇ ਹੇਠਲੇ ਪੱਧਰ 'ਤੇ ਆਇਆ। ਇਹ ਅੰਤ ਵਿੱਚ ਇਸਦੀ ਪਿਛਲੀ ਬੰਦ ਕੀਮਤ ਤੋਂ 8 ਪੈਸੇ ਘੱਟ ਕੇ 82.82 ਪ੍ਰਤੀ ਡਾਲਰ (ਆਰਜ਼ੀ) 'ਤੇ ਬੰਦ ਹੋਇਆ। ਪਿਛਲੇ ਕਾਰੋਬਾਰੀ ਸੈਸ਼ਨ 'ਚ ਡਾਲਰ ਦੇ ਮੁਕਾਬਲੇ ਰੁਪਿਆ 82.74 ਦੇ ਪੱਧਰ 'ਤੇ ਬੰਦ ਹੋਇਆ ਸੀ। ਐਚਡੀਐਫਸੀ ਸਕਿਓਰਿਟੀਜ਼ ਦੇ ਰਿਸਰਚ ਐਨਾਲਿਸਟ ਦਿਲੀਪ ਪਰਮਾਰ ਨੇ ਕਿਹਾ ਕਿ ਸੁਰੱਖਿਅਤ ਨਿਵੇਸ਼ ਵਿਕਲਪ ਵਜੋਂ ਡਾਲਰ ਦੀ ਮੰਗ ਵਧਣ ਅਤੇ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਕਾਰਨ ਭਾਰਤੀ ਰੁਪਿਆ ਘੱਟ ਕੇ ਬੰਦ ਹੋਇਆ।
ਸਟਾਕ ਮਾਰਕੀਟ:ਪਿਛਲੇ ਹਫਤੇ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਘਰੇਲੂ ਸਟਾਕ ਮਾਰਕੀਟ ਵਿੱਚ $ 273 ਮਿਲੀਅਨ ਦੇ ਸ਼ੇਅਰ ਵੇਚੇ ਹਨ। ਇਸ ਦੇ ਨਾਲ ਹੀ ਰੁਪਏ 'ਚ ਕਰੀਬ 0.7 ਫੀਸਦੀ ਦੀ ਗਿਰਾਵਟ ਆਈ ਹੈ। ਇਸ ਦੌਰਾਨ 6 ਪ੍ਰਮੁੱਖ ਮੁਦਰਾਵਾਂ ਦੇ ਇੱਕ ਬਾਸਕੇਟ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਂਦਾ ਡਾਲਰ ਸੂਚਕਾਂਕ 0.01 ਫੀਸਦੀ ਡਿੱਗ ਕੇ 102.53 'ਤੇ ਆ ਗਿਆ।
ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.68 ਫੀਸਦੀ ਵੱਧ ਕੇ 85.72 ਡਾਲਰ ਪ੍ਰਤੀ ਬੈਰਲ ਹੋ ਗਿਆ। ਬੀ.ਐੱਸ.ਈ ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 480.57 ਅੰਕ ਵੱਧ ਕੇ 65,721.25 'ਤੇ ਬੰਦ ਹੋਇਆ। ਸਟਾਕ ਮਾਰਕੀਟ ਦੇ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕ (ਐਫ.ਆਈ.ਆਈ) ਪੂੰਜੀ ਬਾਜ਼ਾਰ ਵਿੱਚ ਸ਼ੁੱਧ ਵਿਕਰੇਤਾ ਸਨ ਅਤੇ ਪਿਛਲੇ ਕਾਰੋਬਾਰੀ ਸੈਸ਼ਨ ਵਿੱਚ 317.46 ਕਰੋੜ ਰੁਪਏ ਦੇ ਸ਼ੇਅਰ ਵੇਚੇ ਸਨ।(ਭਾਸ਼ਾ)