ਨਵੀਂ ਦਿੱਲੀ :ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਖਰਾਬ ਏਅਰਬੈਗ ਕਾਰਨ ਆਪਣੀਆਂ 17,362 ਗੱਡੀਆਂ ਵਾਪਸ ਮੰਗਵਾਂ ਲਈਆਂ ਹਨ। ਕੰਪਨੀ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਖਰਾਬ ਏਅਰਬੈਗਾਂ ਦੀ ਜਾਂਚ ਕਰਨ ਤੇ ਉਨ੍ਹਾਂ ਨੂੰ ਬਦਲਣ ਤੋਂ ਬਾਅਦ ਇਨ੍ਹਾਂ ਕਾਰਾਂ ਨੂੰ ਵਾਪਸ ਕਰ ਦਿੱਤਾ ਜਾਵੇਗਾ। ਮੰਗਵਾਈਆਂ ਗਈਆਂ ਕਾਰਾਂ ਦੀ ਸੂਚੀ ਵਿਚ ਆਲਟੋ ਕੇ10 Alto K10, ਐੱਸ-ਪ੍ਰੈਸੋ S-presso, ਈਕੋ Ecco, ਬ੍ਰੇਜ਼ਾ Brezza ਤੇ ਗ੍ਰੈਂਡ ਵਿਟਾਰਾ Grand Vitara ਜਿਹੇ ਵੱਡੇ ਮਾਡਲ ਸ਼ਾਮਲ ਹਨ। ਇਨ੍ਹਾਂ ਕਾਰਾਂ ਦੀ ਮੈਨੂਫੈਕਚਰਿੰਗ 8 ਦਿਸੰਬਰ 2022 ਤੋਂ 12 ਜਨਵਰੀ 2023 ਦਰਮਿਆਨ ਹੋਈ ਹੈ।
ਕੰਪਨੀ ਨੂੰ ਖਦਸ਼ਾ ਹੈ ਕਿ ਕਾਰਾਂ ਦੇ ਕੁਝ ਹਿੱਸਿਆਂ ਵਿਚ ਖਰਾਬੀ ਹੋਣ ਕਾਰਨ ਸੜਕ ਹਾਦਸੇ ਦੀ ਸਥਿਤੀ ਵਿਚ ਏਅਰਬੈਗ ਤੇ ਸੀਟ ਬੈਲਟ ਪ੍ਰਸੈਂਟਰ ਸਹੀ ਤਰੀਕੇ ਕੰਮ ਨਹੀਂ ਕਰਨਗੇ, ਇਸ ਲਈ ਏਅਰਬੈਗ ਕੰਟਰੋਲਰ ਠੀਕ ਕਰਨ ਲਈ ਕੰਪਨੀ ਨੇ ਵਾਹਨਾਂ ਨੂੰ ਵਾਪਸ ਬੁਲਾਇਆ ਹੈ। ਇਸ ਫਾਲਟ ਨੂੰ ਕੰਪਨੀ ਬਿਨਾਂ ਕਿਸੇ ਫੀਸ ਦੇ ਖੁਦ ਠੀਕ ਕਰੇਗੀ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਮਾਰੂਤੀ ਸੁਜ਼ੂਕੀ ਨੇ ਦਿਸੰਬਰ ਵਿਚ ਵੀ ਫਰੰਟ-ਰੋ ਸੀਟ ਬੈਲਟ ਵਿਚ ਕੁਝ ਖਾਮੀਆਂ ਦੇ ਚੱਲਦਿਆਂ ਆਪਣੀ 9,125 ਕਾਰਾਂ ਨੂੰ ਵਾਪਸ ਬੁਲਾਇਆ ਗਿਆ ਸੀ। ਇਨ੍ਹਾਂ ਕਾਰਾਂ ਦੀ ਸੂਚੀ ਵਿਚ ਸਿਆਜ਼, ਬ੍ਰੇਜ਼ਾ, ਆਰਟਿਗਾ, XL6 ਤੇ ਗ੍ਰੈਂਡ ਵਿਟਾਰਾ ਦੇ ਮਾਡਲ ਵਿਚ ਸ਼ਾਮਲ ਸਨ।