ਨਵੀਂ ਦਿੱਲੀ:ਤਨਖ਼ਾਹਦਾਰ ਲੋਕਾਂ ਅਤੇ ਜਿਨ੍ਹਾਂ ਲੋਕਾਂ ਨੂੰ ਆਪਣੇ ਖਾਤਿਆਂ ਨੂੰ ਆਡਿਟ ਕਰਨ ਦੀ ਲੋੜ ਨਹੀਂ ਹੈ, ਉਹਨਾਂ ਲਈ ਇਨਕਮ ਟੈਕਸ ਰਿਟਰਨ (ਆਈ.ਟੀ.ਆਰ.) ਭਰਨ ਦੀ ਅੱਜ ਆਖਰੀ ਤਾਰੀਕ ਹੈ। ਜੇਕਰ ਤੁਸੀਂ ਹੁਣ ਤੱਕ ITR ਫਾਈਲ ਨਹੀਂ ਕੀਤੀ ਹੈ, ਤਾਂ ਜਲਦੀ ਕਰੋ ਨਹੀਂ ਤਾਂ, ਸਮਾਂ ਸੀਮਾ ਖਤਮ ਹੋਣ ਤੋਂ ਬਾਅਦ ITR ਫਾਈਲ ਕਰਨ ਲਈ ਭਾਰੀ ਜੁਰਮਾਨਾ ਭਰਨਾ ਪਵੇਗਾ। ਇਹ ਜੁਰਮਾਨਾ 1000 ਰੁਪਏ ਤੋਂ ਲੈ ਕੇ 5000 ਰੁਪਏ ਤੱਕ ਹੋ ਸਕਦਾ ਹੈ।
ਕਿੰਨਾ ਜੁਰਮਾਨਾ ਭਰਨਾ ਪਵੇਗਾ: ਇਨਕਮ ਟੈਕਸ ਐਕਟ 1961 ਦੀ ਧਾਰਾ 234 ਐੱਫ ਦੇ ਤਹਿਤ ਜਿਨ੍ਹਾਂ ਦੀ ਸਾਲਾਨਾ ਆਮਦਨ 5 ਲੱਖ ਰੁਪਏ ਤੋਂ ਵੱਧ ਹੈ, ਉਨ੍ਹਾਂ ਨੂੰ 5000 ਰੁਪਏ ਤੱਕ ਦਾ ਜੁਰਮਾਨਾ ਭਰਨਾ ਹੋਵੇਗਾ। ਦੂਜੇ ਪਾਸੇ ਜਿਨ੍ਹਾਂ ਦੀ ਸਾਲਾਨਾ ਆਮਦਨ 5 ਲੱਖ ਰੁਪਏ ਤੋਂ ਘੱਟ ਹੈ, ਉਨ੍ਹਾਂ ਨੂੰ 1000 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ। ਤੁਸੀਂ ਜੁਰਮਾਨੇ ਦੇ ਨਾਲ 31 ਦਸੰਬਰ 2023 ਤੱਕ ITR ਫਾਈਲ ਕਰ ਸਕਦੇ ਹੋ।
ITR ਦੇਰ ਨਾਲ ਫਾਈਲ ਨਾ ਕਰਨ ਦੇ ਨੁਕਸਾਨ : ITR ਦੇਰੀ ਨਾਲ ਫਾਈਲ ਕਰਨ 'ਤੇ ਜੁਰਮਾਨਾ ਭਰਨਾ ਪਵੇਗਾ, ਇਸ ਤੋਂ ਇਲਾਵਾ ਹੋਰ ਵੀ ਕਈ ਨੁਕਸਾਨ ਹਨ। ਅੰਤਮ ਤਾਰੀਖ ਤੱਕ ITR ਦਾਇਰ ਨਾ ਕਰਨ ਨਾਲ ਟੈਕਸਦਾਤਾਵਾਂ ਨੂੰ ਕੁਝ ਕਟੌਤੀਆਂ ਦੇ ਲਾਭ ਦਾ ਦਾਅਵਾ ਕਰਨ ਜਾਂ ਘਰ ਦੀ ਜਾਇਦਾਦ ਦੇ ਨੁਕਸਾਨ ਤੋਂ ਇਲਾਵਾ ਹੋਰ ਨੁਕਸਾਨ ਨੂੰ ਤੈਅ ਕਰਨ ਅਤੇ ਅੱਗੇ ਵਧਾਉਣ ਦੀ ਇਜਾਜ਼ਤ ਨਹੀਂ ਮਿਲੇਗੀ। ਇਸ ਤੋਂ ਇਲਾਵਾ ITR ਨਾ ਭਰਨ 'ਤੇ 6 ਮਹੀਨੇ ਤੋਂ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਸਭ ਤੋਂ ਮਹੱਤਵਪੂਰਨ, ਜੇਕਰ ਤੁਸੀਂ ITR ਦੇਰੀ ਨਾਲ ਫਾਈਲ ਕਰਦੇ ਹੋ, ਤਾਂ ਤੁਹਾਨੂੰ ਟੈਕਸ ਰਿਫੰਡ 'ਤੇ ਵਿਆਜ ਵੀ ਨਹੀਂ ਮਿਲਦਾ।
6 ਕਰੋੜ ਲੋਕਾਂ ਨੇ ਭਰੀ ਆਈ.ਟੀ.ਆਰ : 30 ਜੁਲਾਈ ਤੱਕ, 6 ਕਰੋੜ ਤੋਂ ਵੱਧ ਲੋਕਾਂ ਨੇ ਵਿੱਤੀ ਸਾਲ 2022-23 (AY 2023-24) ਲਈ ITR ਦਾਇਰ ਕੀਤਾ ਹੈ। ਇਹ ਸੰਖਿਆ ਪਿਛਲੇ ਸਾਲ 31 ਜੁਲਾਈ 2022 ਤੱਕ ਦਾਇਰ ਆਈਟੀਆਰ ਦੇ ਅੰਕੜਿਆਂ ਨੂੰ ਪਾਰ ਕਰ ਗਈ ਹੈ। ਇਨਕਮ ਟੈਕਸ ਵਿਭਾਗ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਇਨਕਮ ਟੈਕਸ ਵਿਭਾਗ ਨੇ ਟਵੀਟ ਕੀਤਾ,ਜਿਸ ਵਿੱਚ ਲਿਖਿਆ ਕਿ ‘30 ਜੁਲਾਈ ਦੀ ਸ਼ਾਮ 6.30 ਵਜੇ ਤੱਕ ਛੇ ਕਰੋੜ ਤੋਂ ਜ਼ਿਆਦਾ ਇਨਕਮ ਟੈਕਸ ਰਿਟਰਨ ਫਾਈਲ ਕੀਤੇ ਗਏ ਸਨ, ਜਿਨ੍ਹਾਂ ‘ਚੋਂ ਐਤਵਾਰ ਨੂੰ 26.76 ਲੱਖ ਆਈ.ਟੀ.ਆਰ. ਫਾਈਲ ਕੀਤੇ ਗਏ ਸਨ।’ ਲਾਈਵ ਚੈਟ ਅਤੇ ਸੋਸ਼ਲ ਮੀਡੀਆ ਰਾਹੀਂ ਟੈਕਸਦਾਤਾਵਾਂ ਦੀ ਲਗਾਤਾਰ ਮਦਦ ਕੀਤੀ ਜਾ ਰਹੀ ਹੈ।