ਮੁੰਬਈ:ਸਥਾਨਕ ਸ਼ੇਅਰ ਬਾਜ਼ਾਰ 'ਚ ਮੰਗਲਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ ਲਗਾਤਾਰ ਅੱਠਵੇਂ ਦਿਨ ਤੇਜ਼ੀ ਰਹੀ। ਇਸ ਦੇ ਨਾਲ ਹੀ ਨਿਫਟੀ ਆਪਣੇ ਨਵੇਂ ਸਰਵਕਾਲੀ ਉੱਚ ਪੱਧਰ 'ਤੇ ਪਹੁੰਚ ਗਿਆ। ਗਲੋਬਲ ਬਾਜ਼ਾਰਾਂ ਵਿੱਚ ਵੱਡੇ ਪੱਧਰ 'ਤੇ ਮਜ਼ਬੂਤ ਰੁਝਾਨ ਅਤੇ ਬਜ਼ਾਰ ਵਿੱਚ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੁਆਰਾ ਨਿਵੇਸ਼ ਨਾਲ ਸਥਾਨਕ ਬਾਜ਼ਾਰਾਂ ਨੂੰ ਮਜ਼ਬੂਤੀ ਮਿਲੀ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 412.02 ਅੰਕ ਵਧ ਕੇ 67,539.10 'ਤੇ ਪਹੁੰਚ ਗਿਆ। NSE ਨਿਫਟੀ 114 ਅੰਕ ਵਧ ਕੇ 20,110.35 ਦੇ ਆਪਣੇ ਸਰਵਕਾਲੀ ਉੱਚ ਪੱਧਰ 'ਤੇ ਪਹੁੰਚ ਗਿਆ।
ਲਾਰਸਨ ਐਂਡ ਟੂਬਰੋ, ਆਈਸੀਆਈਸੀਆਈ ਬੈਂਕ, ਸਨ ਫਾਰਮਾ, ਜੇਐਸਡਬਲਯੂ ਸਟੀਲ, ਇੰਫੋਸਿਸ, ਟਾਟਾ ਕੰਸਲਟੈਂਸੀ ਸਰਵਿਸਿਜ਼, ਐਕਸਿਸ ਬੈਂਕ ਅਤੇ ਭਾਰਤੀ ਏਅਰਟੈੱਲ ਦੇ ਸ਼ੇਅਰ ਸੈਂਸੈਕਸ ਵਿੱਚ ਵਧੇ। ਜਦੋਂ ਕਿ ਐਨਟੀਪੀਸੀ, ਮਾਰੂਤੀ, ਹਿੰਦੁਸਤਾਨ ਯੂਨੀਲੀਵਰ ਅਤੇ ਟਾਟਾ ਮੋਟਰਜ਼ ਦੇ ਸ਼ੇਅਰ ਘਾਟੇ ਵਿੱਚ ਰਹੇ। ਹੋਰ ਏਸ਼ੀਆਈ ਬਾਜ਼ਾਰਾਂ 'ਚ ਚੀਨ ਦਾ ਸ਼ੰਘਾਈ ਕੰਪੋਜ਼ਿਟ, ਜਾਪਾਨ ਦਾ ਨਿੱਕੇਈ ਅਤੇ ਹਾਂਗਕਾਂਗ ਦਾ ਹੈਂਗ ਸੇਂਗ ਲਾਭ 'ਚ ਰਿਹਾ, ਜਦਕਿ ਦੱਖਣੀ ਕੋਰੀਆ ਦਾ ਕੋਸਪੀ ਘਾਟੇ 'ਚ ਰਿਹਾ। ਅਮਰੀਕੀ ਬਾਜ਼ਾਰ ਸੋਮਵਾਰ ਨੂੰ ਸਕਾਰਾਤਮਕ ਰੁਖ ਨਾਲ ਬੰਦ ਹੋਏ। ਗਲੋਬਲ ਆਇਲ ਸਟੈਂਡਰਡ ਬ੍ਰੈਂਟ ਕਰੂਡ 0.39 ਫੀਸਦੀ ਵਧ ਕੇ 90.99 ਅਮਰੀਕੀ ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਸੋਮਵਾਰ ਨੂੰ 1,473.09 ਕਰੋੜ ਰੁਪਏ ਦੇ ਸ਼ੇਅਰ ਖਰੀਦੇ।