ਨਵੀਂ ਦਿੱਲੀ: ਆਮਦਨ ਕਰ ਵਿਭਾਗ (Income Tax Department) ਨੇ ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ (Anil Ambani) 'ਤੇ ਕਾਲਾ ਧਨ ਕਾਨੂੰਨ ਦੇ ਤਹਿਤ 420 ਕਰੋੜ ਰੁਪਏ ਦੀ ਕਥਿਤ ਟੈਕਸ ਚੋਰੀ ਦੇ ਮਾਮਲੇ 'ਚ ਮੁਕੱਦਮਾ ਚਲਾਉਣ ਲਈ ਨੋਟਿਸ ਜਾਰੀ ਕੀਤਾ ਹੈ। ਇਹ ਟੈਕਸ ਸਵਿਟਜ਼ਰਲੈਂਡ ਦੇ ਦੋ ਬੈਂਕ ਖਾਤਿਆਂ ਵਿੱਚ ਰੱਖੇ ਗਏ 814 ਕਰੋੜ ਰੁਪਏ ਤੋਂ ਵੱਧ ਦੇ ਬੇਹਿਸਾਬ ਧਨ ਨਾਲ (black money in swiss bank) ਸਬੰਧਤ ਹੈ। ਵਿਭਾਗ ਨੇ 63 ਸਾਲਾ ਅੰਬਾਨੀ 'ਤੇ ਜਾਣਬੁੱਝ ਕੇ ਟੈਕਸ ਨਾ ਦੇਣ ਦਾ ਦੋਸ਼ ਲਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਸਨਅਤਕਾਰ ਨੇ ਜਾਣਬੁੱਝ ਕੇ ਅਧਿਕਾਰੀਆਂ ਨੂੰ ਵਿਦੇਸ਼ਾਂ ਵਿੱਚ ਬੈਂਕ ਖਾਤਿਆਂ ਅਤੇ ਵਿੱਤੀ ਹਿੱਤਾਂ ਦਾ ਵੇਰਵਾ ਨਹੀਂ ਦਿੱਤਾ। ਅੰਬਾਨੀ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਇਸ ਸਬੰਧ ਵਿੱਚ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਇਸ ਸਬੰਧੀ ਅੰਬਾਨੀ ਦੇ ਦਫ਼ਤਰ ਨਾਲ ਸੰਪਰਕ ਕੀਤਾ ਗਿਆ, ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਆਇਆ। ਵਿਭਾਗ ਨੇ ਕਿਹਾ ਕਿ ਬਲੈਕ ਮਨੀ (ਅਣਦੱਸਿਆ ਵਿਦੇਸ਼ੀ ਆਮਦਨ ਅਤੇ ਸੰਪੱਤੀ ਲਗਾਉਣ) ਟੈਕਸ ਐਕਟ, 2015 ਦੀ ਧਾਰਾ 50 ਅਤੇ 51 ਦੇ ਤਹਿਤ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਵਿੱਚ ਜੁਰਮਾਨੇ ਦੇ ਨਾਲ ਵੱਧ ਤੋਂ ਵੱਧ 10 ਸਾਲ ਦੀ ਕੈਦ ਦੀ ਵਿਵਸਥਾ ਹੈ। ਵਿਭਾਗ ਨੇ ਦੋਸ਼ਾਂ 'ਤੇ 31 ਅਗਸਤ ਤੱਕ ਜਵਾਬ ਮੰਗਿਆ ਹੈ। ਉਦਯੋਗਪਤੀ 'ਤੇ ਵਿੱਤੀ ਸਾਲ 2012-13 ਤੋਂ 2019-20 ਦੌਰਾਨ ਵਿਦੇਸ਼ਾਂ 'ਚ ਅਣਐਲਾਨੀ ਜਾਇਦਾਦ ਰੱਖ ਕੇ ਚੋਰੀ ਕਰਨ ਦਾ ਦੋਸ਼ ਹੈ। ਨੋਟਿਸ ਦੇ ਅਨੁਸਾਰ, ਟੈਕਸ ਅਧਿਕਾਰੀਆਂ ਨੇ ਪਾਇਆ ਹੈ ਕਿ ਅੰਬਾਨੀ ਇੱਕ ਵਿੱਤੀ ਯੋਗਦਾਨ ਦੇਣ ਵਾਲੇ ਦੇ ਨਾਲ-ਨਾਲ ਬਹਾਮਾਸ ਸਥਿਤ ਇਕਾਈ ਡਾਇਮੰਡ ਟਰੱਸਟ ਅਤੇ ਇੱਕ ਹੋਰ ਕੰਪਨੀ, ਉੱਤਰੀ ਅਟਲਾਂਟਿਕ ਟਰੇਡਿੰਗ ਅਨਲਿਮਟਿਡ (NATU) ਦੇ ਲਾਭਪਾਤਰੀ ਮਾਲਕ ਹਨ।
NATU ਬ੍ਰਿਟਿਸ਼ ਵਰਜਿਨ ਟਾਪੂ (BVI) ਵਿੱਚ ਬਣਾਈ ਗਈ ਸੀ। ਬਹਾਮਾ ਟਰੱਸਟ ਦੇ ਮਾਮਲੇ ਵਿੱਚ, ਵਿਭਾਗ ਨੇ ਪਾਇਆ ਕਿ ਇਹ ਡਰੀਮਵਰਕਸ ਹੋਲਡਿੰਗਜ਼ ਇੰਕ ਨਾਮ ਦੀ ਇੱਕ ਕੰਪਨੀ ਸੀ। ਕੰਪਨੀ ਦਾ ਇੱਕ ਸਵਿਸ ਬੈਂਕ ਵਿੱਚ ਖਾਤਾ ਹੈ। ਖਾਤੇ ਵਿੱਚ 31 ਦਸੰਬਰ 2007 ਤੱਕ ਸਭ ਤੋਂ ਵੱਧ $32,095,600 ($32 ਮਿਲੀਅਨ) ਦੀ ਰਕਮ ਸੀ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਟਰੱਸਟ ਨੂੰ ਸ਼ੁਰੂ ਵਿੱਚ $25 ਮਿਲੀਅਨ ਦੀ ਫੰਡਿੰਗ ਮਿਲੀ ਸੀ।