ਨਵੀਂ ਦਿੱਲੀ: ਗੁਡਸ ਐਂਡ ਸਰਵਿਸਿਜ਼ ਟੈਕਸ (ਜੀ.ਐੱਸ.ਟੀ.) ਅਧਿਕਾਰੀ ਕਿਸੇ ਖਾਸ ਸੈਕਟਰ ਦੀ ਸਪਲਾਈ ਚੇਨ 'ਚ ਟੈਕਸ ਚੋਰੀ ਦਾ ਪਤਾ ਲਗਾਉਣ ਲਈ ਡਾਟਾ ਵਿਸ਼ਲੇਸ਼ਣ ਦੀ ਵਰਤੋਂ ਕਰ ਰਹੇ ਹਨ। ਇਸ ਰਾਹੀਂ ਅਧਿਕਾਰੀ ਇਹ ਪਤਾ ਲਗਾ ਰਹੇ ਹਨ ਕਿ ਸਪਲਾਈ ਚੇਨ ਦੇ ਕਿਸੇ ਪੜਾਅ 'ਤੇ ਟੈਕਸ ਚੋਰੀ ਤਾਂ ਨਹੀਂ ਹੋਇਆ।
ਟੈਕਸ ਚੋਰੀ ਨੂੰ ਫੜਨ ਦੀਆ ਕੋਸ਼ਿਸ਼ਾਂ ਤੇਜ਼:ਪਿਛਲੇ ਵਿੱਤੀ ਸਾਲ 'ਚ 1 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀ ਟੈਕਸ ਚੋਰੀ ਦਾ ਪਤਾ ਚੱਲਿਆ ਹੈ। ਅਜਿਹੀ ਸਥਿਤੀ ਵਿੱਚ ਜੀਐਸਟੀ ਇੰਟੈਲੀਜੈਂਸ ਦੇ ਡਾਇਰੈਕਟੋਰੇਟ ਜਨਰਲ (ਡੀਜੀਜੀਆਈ) ਨੇ ਪਾਲਣਾ ਵਿੱਚ ਸੁਧਾਰ ਕਰਨ ਲਈ ਸ਼ੁਰੂਆਤੀ ਪੜਾਅ 'ਤੇ ਹੀ ਟੈਕਸ ਚੋਰੀ ਨੂੰ ਫੜਨ ਲਈ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਇੱਕ ਅਧਿਕਾਰੀ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਅਸੀਂ ਕਿਸੇ ਵੀ ਸੈਕਟਰ ਲਈ 'ਐਂਡ-ਟੂ-ਐਂਡ' ਵਿਸ਼ਲੇਸ਼ਣ ਕਰ ਰਹੇ ਹਾਂ ਜਿਸ ਨਾਲ ਇਹ ਪਤਾ ਲਗਾਇਆ ਜਾ ਸਕੇ ਕੀ ਕੋਈ ਅਜਿਹਾ ਲਿੰਕ ਤਾਂ ਨਹੀਂ ਰਹਿ ਗਿਆ ਹੈ, ਜਿਸ ਵਿੱਚ ਟੈਕਸ ਦਾ ਭੁਗਤਾਨ ਨਹੀਂ ਹੋਇਆ ਹੈ।
ਕਾਨੂੰਨ ਜਾਂ ਫੀਸ ਵਿੱਚ ਕੁਝ ਬਦਲਾਅ: ਅਧਿਕਾਰੀ ਨੇ ਕਿਹਾ, “ਹੁਣ ਜਦੋਂ ਜੀਐਸਟੀ ਪ੍ਰਣਾਲੀ ਸਥਿਰ ਹੋ ਗਈ ਹੈ ਤਾਂ ਅਸੀਂ ਇਸ ਨੂੰ ਹੋਰ ਸੁਚਾਰੂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਇਹ ਪਤਾ ਲਗਾਉਣਾ ਚਾਹੁੰਦੇ ਹਾਂ ਕਿ ਕੀ ਜੀਐਸਟੀ ਅਧੀਨ ਸਾਰੇ ਸੈਕਟਰ ਆਪਣੇ ਹਿੱਸੇ ਦੇ ਟੈਕਸ ਦਾ ਭੁਗਤਾਨ ਕਰ ਰਹੇ ਹਨ। ਵਿਸ਼ਲੇਸ਼ਣ ਤੋਂ ਬਾਅਦ ਜੇਕਰ ਵਿਭਾਗ ਨੂੰ ਲੱਗਦਾ ਹੈ ਕਿ ਕਾਨੂੰਨ ਜਾਂ ਫੀਸ ਵਿੱਚ ਕੁਝ ਬਦਲਾਅ ਕਰਨ ਦੀ ਜ਼ਰੂਰਤ ਹੈ ਤਾਂ ਇਸ ਨੂੰ ਪ੍ਰਵਾਨਗੀ ਲਈ ਜੀਐਸਟੀ ਕੌਂਸਲ ਦੇ ਸਾਹਮਣੇ ਰੱਖਿਆ ਜਾਵੇਗਾ।