Economic Survey 2023 Live Updates ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ 'ਚ ਆਰਥਿਕ ਸਰਵੇਖਣ ਪੇਸ਼ ਕਰ ਦਿੱਤਾ ਹੈ। ਆਰਥਿਕ ਸਰਵੇਖਣ 'ਚ ਵਿੱਤੀ ਸਾਲ 2023-24 'ਚ 6 ਤੋਂ 6.8 ਫੀਸਦੀ ਦੀ ਵਿਕਾਸ ਦਰ ਦੀ ਭਵਿੱਖਬਾਣੀ ਕੀਤੀ ਗਈ ਹੈ। ਆਰਥਿਕ ਸਰਵੇਖਣ ਦੀ ਪੇਸ਼ਕਾਰੀ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ ਕੱਲ੍ਹ ਸਵੇਰੇ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਕੱਲ੍ਹ ਵਿੱਤ ਮੰਤਰੀ ਬਜਟ ਪੇਸ਼ ਕਰਨਗੇ।
ਅਰਥਵਿਵਸਥਾਵਾਂ ਦੇ ਮੁਕਾਬਲੇ ਬਿਹਤਰ ਚੁਣੌਤੀਆਂ:ਇਹ ਅਨੁਮਾਨ ਮੰਗਲਵਾਰ ਨੂੰ ਆਰਥਿਕ ਸਮੀਖਿਆ 2022-23 'ਚ ਲਗਾਇਆ ਗਿਆ। ਮੌਜੂਦਾ ਵਿੱਤੀ ਸਾਲ (ਅਪ੍ਰੈਲ 2022 ਤੋਂ ਮਾਰਚ 2023) ਵਿੱਚ ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੀ ਵਿਕਾਸ ਦਰ ਸੱਤ ਫੀਸਦੀ ਰਹਿਣ ਦਾ ਅਨੁਮਾਨ ਹੈ। ਪਿਛਲੇ ਸਾਲ ਇਹ 8.7 ਫੀਸਦੀ ਸੀ।ਭਾਰਤ, ਬਾਕੀ ਦੁਨੀਆ ਦੀ ਤਰ੍ਹਾਂ, ਯੂਰਪ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਯੁੱਧ ਅਤੇ ਸਪਲਾਈ ਚੇਨ ਵਿਘਨ ਕਾਰਨ ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਸਮੀਖਿਆ 'ਚ ਕਿਹਾ ਗਿਆ ਹੈ, 'ਭਾਰਤ ਨੇ ਜ਼ਿਆਦਾਤਰ ਅਰਥਵਿਵਸਥਾਵਾਂ ਦੇ ਮੁਕਾਬਲੇ ਬਿਹਤਰ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ।' ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਸੰਸਦ ਵਿੱਚ ਪੇਸ਼ ਕੀਤੇ ਗਏ ਆਰਥਿਕ ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਭਾਰਤ ਖਰੀਦਣ ਸ਼ਕਤੀ ਸਮਾਨਤਾ ਦੇ ਮਾਮਲੇ ਵਿੱਚ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਤੇ ਐਕਸਚੇਂਜ ਦਰ ਦੇ ਮਾਮਲੇ ਵਿੱਚ ਤੀਜਾ ਸਭ ਤੋਂ ਵੱਡਾ ਹੈ।
ਆਰਥਿਕ ਸਰਵੇਖਣ ਕੀ ਹੈ?ਹਰ ਸਾਲ 1 ਫਰਵਰੀ ਨੂੰ ਦੇਸ਼ ਦਾ ਆਮ ਬਜਟ ਪੇਸ਼ ਕੀਤਾ ਜਾਂਦਾ ਹੈ। ਇਸ ਤੋਂ ਇੱਕ ਦਿਨ ਪਹਿਲਾਂ ਹੀ ਆਰਥਿਕ ਸਰਵੇਖਣ ਦੇਸ਼ ਸਾਹਮਣੇ ਰੱਖਿਆ ਜਾਂਦਾ ਹੈ। ਇਹ ਆਰਥਿਕ ਸਰਵੇਖਣ ਬਜਟ ਦਾ ਮੁੱਖ ਆਧਾਰ ਹੈ ਅਤੇ ਇਸ ਵਿੱਚ ਆਰਥਿਕਤਾ ਦੀ ਪੂਰੀ ਤਸਵੀਰ ਸਾਹਮਣੇ ਆਉਂਦੀ ਹੈ। ਇਸ ਰਾਹੀਂ ਸਰਕਾਰ ਦੇਸ਼ ਦੀ ਆਰਥਿਕਤਾ ਦੀ ਤਾਜ਼ਾ ਸਥਿਤੀ ਬਾਰੇ ਦੱਸਦੀ ਹੈ। ਇਸ ਵਿੱਚ ਸਾਲ ਦੌਰਾਨ ਵਿਕਾਸ ਦਾ ਰੁਝਾਨ, ਕਿਸ ਸੈਕਟਰ ਤੋਂ ਕਿੰਨੀ ਕਮਾਈ ਹੋਈ, ਕਿਸ ਸੈਕਟਰ ਵਿੱਚ ਸਕੀਮਾਂ ਕਿਵੇਂ ਲਾਗੂ ਕੀਤੀਆਂ ਗਈਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।