ਮੁੰਬਈ: ਘਰੇਲੂ ਵਾਅਦਾ ਬਾਜ਼ਾਰ ਵਿੱਚ ਚਾਂਦੀ ਦਾ ਭਾਅ ਸ਼ੁੱਕਰਵਾਰ ਨੂੰ ਰਿਕਾਰਡ 77,949 ਰੁਪਏ ਪ੍ਰਤੀ ਕਿੱਲੋ ਪਹੁੰਚ ਗਿਆ ਅਤੇ ਸੋਨੇ ਨੇ ਵੀ 56,191 ਰੁਪਏ ਪ੍ਰਤੀ 10 ਗ੍ਰਾਮ ਦੀ ਰਿਕਾਰਡ ਉਚਾਈ ਨੂੰ ਛੋਹਿਆ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਵਿੱਚ ਤੇਜ਼ੀ ਦੇ ਚਲਦਿਆਂ ਭਾਰਤੀ ਬਾਜ਼ਾਰ ਵਿੱਚ ਮਹਿੰਗੀਆਂ ਧਾਤੂਆਂ ਲਗਾਤਾਰ ਨਵੀਂਆਂ ਉਚਾਈਆਂ ਨੂੰ ਛੋਹ ਰਹੀਆਂ ਹਨ। ਹਾਲਾਂਕਿ ਉੱਚੇ ਭਾਅ 'ਤੇ ਮੁਨਾਫ਼ਾਵਸੂਲੀ ਦਾ ਵੀ ਦਬਾਅ ਬਣਿਆ ਹੋਇਆ ਹੈ।
ਮਲਟੀ ਕਮੋਡਿਟੀ ਐਕਸਚੇਂਜ (ਐਮ.ਸੀ.ਐਕਸ) 'ਤੇ ਚਾਂਦੀ ਦੇ ਸਤੰਬਰ ਮਹੀਨੇ ਦੇ ਕਰਾਰ ਵਿੱਚ ਸ਼ੁੱਕਰਵਾਰ ਸਵੇਰੇ 10:19 ਵਜੇ ਪਿਛਲੇ ਸੈਸ਼ਨ ਤੋਂ 248 ਰੁਪਏ ਮਤਲਬ 0.33 ਫ਼ੀਸਦੀ ਦੀ ਤੇਜ਼ੀ ਨਾਲ 76,300 ਰੁਪਏ ਪ੍ਰਤੀ ਕਿੱਲੋ 'ਤੇ ਕਾਰੋਬਾਰ ਹੋ ਰਿਹਾ ਸੀ, ਜਦਕਿ ਇਸ ਤੋਂ ਪਹਿਲਾਂ ਕਾਰੋਬਾਰ ਦੌਰਾਨ ਚਾਂਦੀ ਦਾ ਭਾਅ 77,949 ਰੁਪਏ ਪ੍ਰਤੀ ਕਿੱਲੋ ਤੱਕ ਉਛਲਿਆ, ਜਿਹੜਾ ਇੱਕ ਨਵਾਂ ਰਿਕਾਰਡ ਹੈ। ਹਾਲਾਂਕਿ ਸ਼ੁਰੂਆਤੀ ਕਾਰੋਬਾਰ ਦੌਰਾਨ ਚਾਂਦੀ ਦਾ ਭਾਅ 75,063 ਰੁਪਏ ਪ੍ਰਤੀ ਕਿੱਲੋ ਤੱਕ ਡਿੱਗਿਆ।
ਐਮ.ਸੀ.ਐਕਸ 'ਤੇ ਸੋਨੇ ਦੇ ਅਕਤੂਬਰ ਵਾਅਦਾ ਕਰਾਰ ਵਿੱਚ 8 ਰੁਪਏ ਦੇ ਨਾਲ 55,853 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਚੱਲ ਰਿਹਾ ਸੀ, ਜਦਕਿ ਇਸ ਤੋਂ ਪਹਿਲਾਂ ਕਾਰੋਬਾਰ ਦੌਰਾਨ ਸੋਨੇ ਦਾ ਭਾਅ 56,191 ਰੁਪਏ ਪ੍ਰਤੀ 10 ਗ੍ਰਾਮ ਤੱਕ ਉਛਲਿਆ, ਜਿਹੜਾ ਹੁਣ ਤੱਕ ਦਾ ਰਿਕਾਰਡ ਪੱਧਰ ਹੈ। ਹਾਲਾਂਕਿ ਸ਼ੁਰੂਆਤੀ ਕਾਰੋਬਾਰ ਦੌਰਾਨ ਸੋਨੇ ਦਾ ਭਾਅ 55,506 ਰੁਪਏ ਪ੍ਰਤੀ 10 ਗ੍ਰਾਮ ਤੱਕ ਡਿੱਗਿਆ।
ਏਂਜਲ ਬ੍ਰੋਕਿੰਗ ਦੇ ਉਪ ਵਾਈਸ ਪ੍ਰਧਾਨ ਅਨੁਜ ਗੁਪਤਾ ਨੇ ਕਿਹਾ ਕਿ ਸੋਨੇ ਅਤੇ ਚਾਂਦੀ ਦੇ ਭਾਅ ਕਾਫੀ ਉਪਰਲੇ ਪੱਧਰ 'ਤੇ ਹਨ, ਇਸ ਲਈ ਮੁਨਾਫ਼ਾਵਸੂਲੀ ਦਾ ਦਬਾਅ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਡਾਲਰ ਵਿੱਚ ਮਜ਼ਬੂਤੀ ਆਉਣ ਕਾਰਨ ਮਹਿੰਗੀਆਂ ਧਾਤੂਆਂ ਦੇ ਦਾਮ ਟੁੱਟ ਸਕਦੇ ਹਨ, ਪਰ ਇਹ ਜ਼ਿਆਦਾ ਸਮੇਂ ਤੱਕ ਨਹੀਂ ਰਹੇਗਾ।