ਨਵੀਂ ਦਿੱਲੀ: ਜੀਡੀਪੀ ਡਿੱਗਣ ਨਾਲ ਦੇਸ਼ ਦੀ ਕਈ ਵੱਡੀਆਂ ਇੰਡਸਟਰੀਆਂ ਵਿੱਚ ਮੰਦੀ ਛਾਈ ਹੋਈ ਹੈ। ਜੀਡੀਪੀ ਦੇ ਅੰਕੜੇ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਦਾ ਕਹਿਣਾ ਹੈ ਕਿ ਦੇਸ਼ ਦੇ ਅਰਥਚਾਰੇ ਵਿੱਚ ਜਲਦ ਹੀ ਸੁਧਾਰ ਹੋਣਗੇ।
ਸਰਕਾਰ ਵੱਲੋਂ ਚੁੱਕੇ ਗਏ ਕਦਮ ਅਰਥਚਾਰੇ ਵਿੱਚ ਕਰਨਗੇ ਸੁਧਾਰ: ਸ਼ਕਤੀਕਾਂਤ ਦਾਸ - ਸ਼ਕਤੀਕਾਂਤ ਦਾਸ
ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਹੈ ਆਰਥਿਕ ਵਿਕਾਸ ਦਰ ਦਾ ਘਟ ਕੇ 5 ਫ਼ੀਸਦ ਹੋ ਜਾਣਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਭਰੋਸਾ ਜ਼ਾਹਰ ਕੀਤਾ ਕਿ ਸਰਕਾਰ ਵੱਲੋਂ ਚੁੱਕੇ ਗਏ ਹਾਲ ਹੀ ਦੇ ਕਦਮ ਅਰਥਚਾਰੇ ਵਿੱਚ ਸੁਧਾਰ ਕਰਨਗੇ।
ਸ਼ਕਤੀਕਾਂਤ ਦਾਸ ਨੇ ਕਿਹਾ ਕਿ ਅਰਥਚਾਰੇ ’ਚ ਮੰਦੀ ਦਾ ਦੌਰ ਹੈ। ਕੇਂਦਰੀ ਬੈਂਕ ਇਸ ਨੂੰ ਤੇਜ਼ ਕਰਨ ਲਈ ਨੀਤੀਗਤ ਦਰਾਂ ਚ ਕਟੌਤੀ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਹੀ ਕਦਮ ਚੁੱਕੇ ਗਏ ਹਨ, ਚੀਜ਼ਾਂ ਚ ਸੁਧਾਰ ਹੋਣਾ ਚਾਹੀਦਾ ਹੈ। ਇਹ ਸਕਾਰਾਤਮਕ ਰੁਝਾਨ ਹੈ ਕਿ ਸਰਕਾਰ ਮਸਲਿਆਂ ਦੇ ਹੱਲ ਲਈ ਤੇਜ਼ੀ ਨਾਲ ਕਦਮ ਚੁੱਕ ਰਹੀ ਹੈ। ਜੀਡੀਪੀ ਦੇ ਅੰਕੜੇ 'ਤੇ ਚਿੰਤਾ ਜ਼ਾਹਰ ਕਰਦਿਆਂ ਆਰਬੀਆਈ ਗਵਰਨਰ ਨੇ ਕਿਹਾ ਕਿ ਇਹ ਅੰਕੜਾ ਨਿਸ਼ਚਤ ਤੌਰ ਤੇ ਚੰਗਾ ਨਹੀਂ ਹੈ। ਆਰਬੀਆਈ ਨੇ 5.8 ਫੀਸਦ ਦੀ ਵਿਕਾਸ ਦਰ ਦਾ ਅਨੁਮਾਨ ਲਾਇਆ ਸੀ। ਹਰੇਕ ਨੇ ਭਵਿੱਖਬਾਣੀ ਕੀਤੀ ਸੀ ਕਿ ਆਰਥਿਕ ਵਿਕਾਸ 5.5 ਫੀਸਦ ਤੋਂ ਘੱਟ ਨਹੀਂ ਹੋਵੇਗਾ। ਇਸ ਲਈ 5 ਫੀਸਦ ਵਿਕਾਸ ਦਰ ਦੀ ਗੱਲ ਹੈਰਾਨ ਕਰਨ ਵਾਲੀ ਹੈ।
ਉਨ੍ਹਾਂ ਕਿਹਾ ਕਿ ਸਾਰੀਆਂ ਵਿਕਸਤ ਅਰਥਵਿਵਸਥਾ 'ਚ ਦੂਜੀ ਤਿਮਾਹੀ ਵਿੱਚ ਵਿਕਾਸ ਦਰ ਪਹਿਲੀ ਤਿਮਾਹੀ ਦੇ ਮੁਕਾਬਲੇ ਘੱਟ ਹੈ। ਯਾਨੀ ਵਿਕਾਸ ਦਰ ਘਟ ਰਹੀ ਹੈ। ਅਰਥਵਿਵਸਥਾ ਕਦੋਂ ਚੰਗੀ ਹੋਵੇਗੀ ਇਸ ਬਾਰੇ ਦਾਸ ਨੇ ਕਿਹਾ ਕਿ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਇਸ ਨੂੰ ਪ੍ਰਭਾਵਤ ਕਰ ਰਹੀਆਂ ਹਨ।