ਆਰਟੀਜੀਐੱਸ, ਐੱਨਈਐੱਫ਼ਟੀ ਰਾਹੀਂ ਪੈਸੇ ਭੇਜਣਾ ਹੋਇਆ ਸਸਤਾ
ਰੀਅਲ ਟਾਇਮ ਗ੍ਰਾਸ ਸੈਟਲਮੈਂਟ (ਆਰਟੀਜੀਐੱਸ) ਵੱਡੀਆਂ ਰਾਸ਼ੀਆਂ ਨੂੰ ਇੱਕ ਖ਼ਾਤੇ ਤੋਂ ਦੂਸਰੇ ਖ਼ਾਤੇ ਵਿੱਚ ਤੱਤਕਾਲ ਸਥਾਨੰਤਰਨ ਕਰਨ ਦੀ ਸੁਵਿਧਾ ਹੈ। ਇਸੇ ਤਰ੍ਹਾਂ ਐੱਨਈਐੱਫ਼ਟੀ ਦੇ ਰਾਹੀਂ 2 ਲੱਖ ਰੁਪਏ ਤੱਕ ਦੀ ਰਾਸ਼ੀ ਦਾ ਤੁਰੰਤ ਟ੍ਰਾਂਸਫ਼ਰ ਕੀਤਾ ਜਾ ਸਕਦਾ ਹੈ।
ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਨੇ ਆਰਟੀਜੀਐੱਸ ਅਤੇ ਐੱਨਈਐੱਫ਼ਟੀ ਰਾਹੀਂ ਪੈਸੇ ਭੇਜਣ 'ਤੇ ਲੱਗਣ ਵਾਲਾ ਕਰ 1 ਜੁਲਾਈ ਤੋਂ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਪੈਸੇ ਭੇਜਣ ਦੇ ਇਹ ਦੋਵੇਂ ਤਰੀਕੇ ਪ੍ਰਸਿੱਧ ਹਨ। ਕੇਂਦਰੀ ਬੈਂਕ ਨੇ ਬੈਂਕਾਂ ਨੂੰ ਕਿਹਾ ਕਿ ਉਹ ਇਹ ਲਾਭ ਉਸੇ ਦਿਨ ਤੋਂ ਆਪਣੇ ਗਾਹਕਾਂ ਨੂੰ ਦੇਣ।
ਰੀਅਲ ਟਾਇਮ ਗ੍ਰਾਸ ਸੈਟਲਮੈਂਟ ਸਿਸਟਮ (ਆਰਟੀਜੀਐੱਸ) ਵੱਡੀਆਂ ਰਾਸ਼ੀਆਂ ਨੂੰ ਇੱਕ ਖ਼ਾਤੇ ਤੋਂ ਦੂਸਰੇ ਖ਼ਾਤੇ ਵਿੱਚ ਭੇਜਣ ਦੀ ਸੁਵਿਧਾ ਹੈ। ਇਸੇ ਤਰ੍ਹਾਂ ਐੱਨਈਐੱਫ਼ਟੀ ਰਾਹੀਂ 2 ਲੱਖ ਰੁਪਏ ਤੱਕ ਦੀ ਰਾਸ਼ੀ ਨੂੰ ਤੁਰੰਤ ਦੂਸਰੇ ਖ਼ਾਤਿਆਂ ਵਿੱਚ ਭੇਜਿਆ ਜਾ ਸਕਦਾ ਹੈ।
ਦੇਸ਼ ਦਾ ਸਭ ਤੋਂ ਵੱਡਾ ਭਾਰਤੀ ਸਟੇਟ ਬੈਂਕ ਐੱਨਈਐੱਫ਼ਟੀ ਰਾਹੀਂ ਪੈਸੇ ਭੇਜਣ 'ਤੇ 1 ਰੁਪਏ ਤੋਂ 5 ਪੰਜ ਰੁਪਏ ਤੱਕ ਦਾ ਕਰ ਲਾਉਂਦਾ ਹੈ। ਉੱਥੇ ਹੀ ਆਰਟੀਜੀਐੱਸ ਰਾਹੀਂ ਪੈਸੇ ਭੇਜਣ 'ਤੇ 50 ਰੁਪਏ ਤੱਕ ਦਾ ਕਰ ਲੱਗਦਾ ਹੈ।
ਭਾਰਤੀ ਰਿਜ਼ਰਵ ਬੈਂਕ ਨੇ 6 ਜੂਨ ਨੂੰ 2-ਮਹੀਨਾ ਮੁਦਰਾ ਸਮੀਖਿਆ ਤੋਂ ਬਾਅਦ ਐਲਾਨ ਵਿੱਚ ਕਿਹਾ ਸੀ ਕਿ ਉਸ ਨੇ ਆਰਟੀਜੀਐੱਸ ਅਤੇ ਐੱਨਈਐੱਫ਼ਟੀ ਪ੍ਰਣਾਲੀ ਰਾਹੀਂ ਬੈਂਕਾਂ 'ਤੇ ਲਾਏ ਜਾਣ ਵਾਲੇ ਵੱਖ-ਵੱਖ ਕਰਾਂ ਦੀ ਸਮੀਖਿਆ ਕੀਤੀ ਹੈ।
ਡਿਜ਼ੀਟਲ ਤਰੀਕੇ ਰਾਹੀਂ ਪੈਸੇ ਭੇਜਣ ਨੂੰ ਪ੍ਰੇਰਿਤ ਕਰਨ ਲਈ ਰਿਜ਼ਰਵ ਬੈਂਕ ਨੇ ਬੈਂਕਾਂ 'ਤੇ ਲਾਏ ਜਾਣ ਵਾਲੇ ਪ੍ਰੋਸੈਸਿੰਗ ਕਰਾਂ ਤੇ ਆਰਟੀਜੀਐੱਸ ਅਤੇ ਐੱਨਈਐੱਫ਼ਟੀ ਕਰਨ ਮੌਕੇ ਲੱਗਣ ਵਾਲੇ ਕਰਾਂ ਨੂੰ 1 ਜੁਲਾਈ, 2019 ਤੋਂ ਖ਼ਤਮ ਕਰਨ ਦਾ ਐਲਾਨ ਕੀਤਾ ਹੈ।
ਰਿਜ਼ਰਵ ਬੈਂਕ ਨੇ ਬੈਂਕਾਂ ਨੂੰ ਹੁਕਮ ਦਿੱਤੇ ਹਨ ਕਿ ਉਹ ਆਰਟੀਜੀਐੱਸ ਅਤੇ ਐੱਨਈਐੱਫ਼ਟੀ ਰਾਹੀਂ ਹੋਣ ਵਾਲੇ ਲੈਣ ਦੇਣ ਤੇ ਲੱਗਣ ਵਾਲੇ ਕਰ ਨੂੰ ਖ਼ਤਮ ਕਰਨ ਦੇ ਲਾਭ ਆਪਣੇ ਗਾਹਕਾਂ ਨੂੰ ਦੇਣ। ਰਿਜ਼ਰਵ ਬੈਂਕ ਆਰਟੀਜੀਐੱਸ ਤੇ ਐੱਨਈਐੱਫ਼ਟੀ ਰਾਹੀਂ ਪੈਸੇ ਭੇਜਣ ਤੇ ਘੱਟ ਕਰ ਲਗਾਉਂਦਾ ਹੈ, ਜਦ ਕਿ ਬੈਂਕ ਆਪਣੇ ਗਾਹਕਾਂ ਤੋਂ ਬਹੁਤ ਜ਼ਿਆਦਾ ਕਰ ਵਸੂਲ ਕਰਦੇ ਹਨ।