ਮੁੰਬਈ : ਸੰਕਟ ਨਾਲ ਜੂਝ ਰਹੇ ਯੈੱਸ ਬੈਂਕ ਨੂੰ ਸੰਕਟ ਵਿੱਚੋਂ ਕੱਢਣ ਲਈ ਆਈਸੀਆਈਸੀਆਈ ਬੈਂਕ, ਐਕਸਿਸ ਬੈਂਕ ਤੋਂ ਬਾਅਦ ਹੁਣ ਕੋਟਕ ਮਹਿੰਦਰਾ ਬੈਂਕ ਵੀ ਸਾਹਮਣੇ ਆ ਗਿਆ ਹੈ।
ਕੋਟਕ ਮਹਿੰਦਰਾ ਬੈਂਕ ਕਰੇਗਾ 500 ਕਰੋੜ ਦਾ ਨਿਵੇਸ਼
ਉਦੈ ਕੋਟਕ ਦੀ ਅਗਵਾਈ ਵਾਲੇ ਇਸ ਬੈਂਕ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਰਬੀਆਈ ਦੀ ਪ੍ਰੋਤਸਾਹਨ ਯੋਜਨਾ ਦੇ ਅਧੀਨ ਉਹ ਸੰਕਟ ਨਾਲ ਜੂਝ ਰਹੇ ਯੈੱਸ ਬੈਂਕ ਵਿੱਚ 500 ਕਰੋੜ ਰੁਪਏ ਦਾ ਨਿਵੇਸ਼ ਕਰੇਗਾ। ਇਸ ਨਿਵੇਸ਼ ਨਾਲ ਯੈੱਸ ਬੈਂਕ ਦੇ 10 ਰੁਪਏ ਮੁੱਲ ਦੇ 50 ਕਰੋੜ ਸ਼ੇਅਰ ਮਿਲਣਗੇ।
ਐਕਸਿਸ ਬੈਂਕ ਕਰੇਗਾ 600 ਕਰੋੜ ਦਾ ਨਿਵੇਸ਼
ਐਕਸਿਸ ਬੈਂਕ ਦੇ ਬੋਰਡ ਨੇ ਯੈੱਸ ਬੈਂਕ ਵਿੱਚ 600 ਕਰੋੜ ਰੁਪਏ ਦੇ ਨਿਵੇਸ਼ ਨੂੰ ਮੰਨਜ਼ੂਰੀ ਦੇ ਦਿੱਤੀ ਹੈ।
ਐਕਸਿਸ ਬੈਂਕ ਨੇ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ ਕਿ ਉਹ ਯੈੱਸ ਬੈਂਕ ਦੇ 60 ਕਰੋੜ ਸ਼ੇਅਰਾਂ ਨੂੰ 10 ਰੁਪਏ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਖਰੀਦੇਗਾ।
ਸ਼ੇਅਰਾਂ ਨੂੰ ਖ਼ਰੀਦਣ ਦੀ ਮੰਨਜ਼ੂਰੀ
ਸ਼ੇਅਰ ਬਾਜ਼ਾਰ ਨੂੰ ਭੇਜੀ ਸੂਚਨਾ ਵਿੱਚ ਐਕਸਿਸ ਬੈਂਕ ਨੇ ਕਿਹਾ ਕਿ ਉਸ ਦੇ ਨਿਰਦੇਸ਼ਕ ਮੰਡਲ ਦੀ ਸ਼ੁੱਕਰਵਾਰ ਨੂੰ ਹੋਈ ਬੈਠਕ ਵਿੱਚ ਯੈੱਸ ਬੈਂਕ ਲਿਮਟਿਡ ਦੇ 60 ਕਰੋੜ ਸ਼ੇਅਰ 600 ਕਰੋੜ ਰੁਪਏ ਵਿੱਚ ਖ਼ਰੀਦਣ ਦੀ ਤਜਵੀਜ਼ ਨੂੰ ਮੰਨਜ਼ੂਰੀ ਦੇ ਦਿੱਤੀ ਹੈ।
ਯੈੱਸ ਬੈਂਕ ਵਿੱਚ ਇਹ ਨਿਵੇਸ਼ ਬੈਂਕਿੰਗ ਐਕਟ 1949 ਦੇ ਤਹਿਤ ਤਜਵੀਜ਼ੀ ਯੋਜਨਾ ਯੈੱਸ ਬੈਂਕ ਲਿਮਟਿਡ ਦਾ ਪੁਨਰਗਠਨ ਦੇ ਤਹਿਤ ਕੀਤਾ ਜਾਵੇਗਾ।
ICICI ਬੈਂਕ ਦਾ 1,000 ਕਰੋੜ ਦਾ ਨਿਵੇਸ਼
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਆਈਸੀਆਈਸੀਆਈ ਬੈਂਕ ਨੇ ਵੀ ਐਲਾਨ ਕੀਤਾ ਸੀ ਕਿ ਉਹ ਯੈੱਸ ਬੈਂਕ ਦੇ 100 ਕਰੋੜ ਸ਼ੇਅਰਾਂ ਦੀ ਪ੍ਰਾਪਤ ਦੇ ਲਈ 1,000 ਕਰੋੜ ਰੁਪਏ ਦਾ ਨਿਵੇਸ਼ ਕਰੇਗਾ।
ਸਰਕਾਰ ਨੇ ਸ਼ੁੱਕਰਵਾਰ ਨੂੰ ਯੈੱਸ ਬੈਂਕ ਦੇ ਲਈ ਰਿਜ਼ਰਵ ਬੈਂਕ ਵੱਲੋਂ ਤਜਵੀਜ਼ੀ ਰਾਹਤ ਪੈਕੇਜ ਦੀ ਮੰਨਜ਼ੂਰੀ ਦੇ ਦਿੱਤੀ ਹੈ। ਇਸੇ ਦੇ ਤਹਿਤ ਭਾਰਤੀ ਸਟੇਟ ਬੈਂਕ (ਐੱਸਬੀਆਈ) ਯੈੱਸ ਬੈਂਕ ਵਿੱਚ 49 ਫ਼ੀਸਦੀ ਹਿੱਸੇਦਾਰੀ ਦੀ ਪ੍ਰਾਪਤੀ ਦੇ ਲਈ 7,250 ਕਰੋੜ ਰੁਪਏ ਦਾ ਨਿਵੇਸ਼ ਕਰੇਗਾ।
ਇਸ ਤੋਂ ਇਲਾਵਾ ਕੇਂਦਰੀ ਮੰਤਰੀ ਮੰਡਲ ਨੇ ਸ਼ੁੱਕਰਵਾਰ ਨੂੰ ਯੈੱਸ ਬੈਂਕ ਦੀ ਪੁਨਰਗਠਨ ਯੋਜਨਾ ਨੂੰ ਵੀ ਮੰਨਜ਼ੂਰੀ ਦੇ ਦਿੱਤੀ ਹੈ।
ਬੰਬੇ ਸਟਾਕ ਐਕਸਚੇਂਜ (ਬੀਐੱਸਈ) ਵਿੱਚ ਸ਼ੁੱਕਰਵਾਰ ਨੂੰ ਐਕਸਿਸ ਬੈਂਕ ਦਾ ਸ਼ੇਅਰ 4.67 ਫ਼ੀਸਦੀ ਦੇ ਵਾਧੇ ਦੇ ਨਾਲ 568.20 ਰੁਪਏ ਉੱਤੇ ਬੰਦ ਹੋਇਆ।
ਯੈੱਸ ਬੈਂਕ ਉੱਤੇ 5 ਮਾਰਚ ਨੂੰ ਲੱਗ ਸੀ ਰੋਕ
ਰਿਜ਼ਵਰ ਬੈਂਕ ਵੱਲੋਂ ਤਜਵੀਜ਼ੀ ਇਸ ਯੋਜਨਾ ਦੇ ਤਹਿਤ ਭਾਰਤੀ ਸਟੇਟ ਬੈਂਕ (ਐੱਸਬੀਆਈ) ਯੈੱਸ ਬੈਂਕ ਦੀ 49 ਫ਼ੀਸਦੀ ਹਿੱਸੇਦਾਰੀ ਖ਼ਰੀਦੇਗਾ। ਰਿਜ਼ਰਵ ਬੈਂਕ ਨੇ 5 ਮਾਰਚ ਨੂੰ ਯੈੱਸ ਬੈਂਕ ਉੱਤੇ ਰੋਕ ਲਾ ਦਿੱਤੀ ਸੀ। ਨਾਲ ਹੀ ਗਾਹਕਾਂ ਦੇ ਲਈ 50,000 ਰੁਪਏ ਪ੍ਰਤੀ ਮਹੀਨਾ ਤੱਕ ਨਿਕਾਸੀ ਸੀਮਾ ਤੈਅ ਕੀਤੀ ਸੀ।
ਇਹ ਰੋਕ 3 ਅਪ੍ਰੈਲ ਤੱਕ ਲਾਈ ਗਈ ਹੈ। ਇਸ ਦੇ ਨਾਲ ਕੇਂਦਰੀ ਬੈਂਕ ਨੇ ਐੱਸਬੀਆਈ ਦੇ ਸਾਬਕਾ ਮੁੱਖ ਵਿੱਤ ਅਧਿਕਾਰੀ ਪ੍ਰਸ਼ਾਂਤ ਕੁਮਾਰ ਨੂੰ ਯੈੱਸ ਬੈਂਕ ਦਾ ਪ੍ਰਬੰਧਕ ਨਿਯੁਕਤ ਕੀਤਾ ਗਿਆ ਹੈ।