ਨਵੀਂ ਦਿੱਲੀ: ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਨੂੰ ਸ਼ੁਰੂ ਹੋਵੇਗਾ ਅਤੇ 3 ਅਪ੍ਰੈਲ ਤੱਕ ਚੱਲੇਗਾ। ਇਸ ਦੌਰਾਨ ਵਿੱਤੀ ਸਾਲ 2020-21 ਦਾ ਆਮ ਬਜਟ 1 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ। ਸੂਤਰਾਂ ਨੇ ਬੁੱਧਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ।
ਸੂਤਰਾਂ ਨੇ ਕਿਹਾ ਕਿ ਸੰਸਦੀ ਮਾਮਲਿਆਂ ਬਾਰੇ ਕੈਬਿਨੇਟ ਕਮੇਟੀ ਨੇ 31 ਜਨਵਰੀ ਤੋਂ 3 ਅਪ੍ਰੈਲ ਤੱਕ ਸੰਸਦ ਦੇ ਬਜਟ ਸੈਸ਼ਨ ਨੂੰ ਦੋ ਪੜਾਵਾਂ ਵਿੱਚ ਰੱਖਣ ਦਾ ਸੁਝਾਅ ਦਿੱਤਾ ਹੈ। ਬਜਟ ਸੈਸ਼ਨ ਦਾ ਪਹਿਲਾ ਪੜਾਅ 31 ਜਨਵਰੀ ਤੋਂ 11 ਫਰਵਰੀ ਤੱਕ ਚੱਲੇਗਾ ਅਤੇ ਦੂਜਾ ਪੜਾਅ 2 ਮਾਰਚ ਤੋਂ 3 ਅਪ੍ਰੈਲ ਤੱਕ ਚੱਲੇਗਾ।
ਲਗਭਗ ਇੱਕ ਮਹੀਨੇ ਦੀ ਛੁੱਟੀ ਬਜਟ ਸੈਸ਼ਨ ਦੇ ਮੱਧ ਵਿੱਚ ਰੱਖੀ ਜਾਂਦੀ ਹੈ। ਇਸ ਸਮੇਂ ਦੌਰਾਨ ਵੱਖ-ਵੱਖ ਮੰਤਰਾਲਿਆਂ, ਵਿਭਾਗਾਂ ਨਾਲ ਜੁੜੀਆਂ ਸੰਸਦੀ ਕਮੇਟੀਆਂ ਬਜਟ ਅਲਾਟਮੈਂਟ ਪ੍ਰਸਤਾਵਾਂ ਦੀ ਪੜਤਾਲ ਕਰਦੀਆਂ ਹਨ। ਕੇਂਦਰੀ ਕੈਬਨਿਟ ਦੀ ਸਿਫਾਰਸ਼ 'ਤੇ ਰਾਸ਼ਟਰਪਤੀ ਸੰਸਦ ਦੇ ਦੋਵਾਂ ਸਦਨਾਂ ਦੀ ਇੱਕ ਮੀਟਿੰਗ ਬੁਲਾਉਂਦੇ ਹਨ।
ਇਹ ਵੀ ਪੜ੍ਹੋ: ਆਈਬੀਐੱਮ ਭਾਰਤ ਤੇ ਦੱਖਣੀ ਏਸ਼ੀਆ ਦੇ ਐੱਮਡੀ ਬਣੇ ਸੰਦੀਪ ਪਟੇਲ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇੱਕ ਫਰਵਰੀ ਨੂੰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਦੂਜਾ ਬਜਟ ਪੇਸ਼ ਕਰਨਗੇ। ਮਾਹਿਰਾਂ ਨੂੰ ਉਮੀਦ ਹੈ ਕਿ ਆਰਥਿਕਤਾ ਵਿੱਚ ਨਿਰੰਤਰ ਨਰਮੀ ਦੇ ਮੱਦੇਨਜ਼ਰ ਸਰਕਾਰ ਇਸ ਬਜਟ ਵਿੱਚ ਅਰਥ ਵਿਵਸਥਾ ਨੂੰ ਮੁੜ ਲੀਹ ’ਤੇ ਲਿਆਉਣ ਲਈ ਯੋਜਨਾਵਾਂ ਦਾ ਐਲਾਨ ਕਰ ਸਕਦੀ ਹੈ।