ਨਵੀਂ ਦਿੱਲੀ: ਰਿਲਾਇੰਸ ਜਿਓ ਦੇ ਗਾਹਕ ਉਸ ਦੇ ਨੈਟਵਰਕ ਤੋਂ ਹੁਣ ਹੋਰ ਗਾਹਕਾਂ ਦੇ ਖ਼ਾਤਿਆਂ ਦਾ ਵੀ ਰਿਚਾਰਜ ਕਰ ਸਕਣਗੇ। ਇਸ ਦੇ ਲਈ ਉਨ੍ਹਾਂ ਨੂੰ ਲਗਭਗ 4 ਫ਼ੀਸਦ ਦਾ ਕਮਿਸ਼ਨ ਵੀ ਮਿਲੇਗਾ। ਉਹ ਹੋਰ ਗਾਹਕਾਂ ਦੇ ਖ਼ਾਤਿਆਂ ਦਾ ਰਿਚਾਰਜ ਇੱਕ ਮੋਬਾਈਲ ਐੱਪ ਰਾਹੀਂ ਕਰ ਸਕਣਗੇ।
ਜਿਓ ਨੇ ਇਹ ਫ਼ੈਸਲਾ ਉਸ ਸਮੇਂ ਕੀਤਾ ਹੈ, ਜਦੋਂ ਪੂਰੇ ਦੇਸ਼ ਵਿੱਚ ਲੌਕਡਾਊਨ ਹੈ ਅਤੇ ਇਸ ਦੇ ਕਾਰਨ ਬਹੁਤ ਸਾਰੇ ਲੋਕ ਆਪਣੇ ਮੋਬਾਈਲਾਂ ਦਾ ਰਿਚਾਰਜ ਨਹੀਂ ਕਰ ਸਕਦੇ।
ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਿਟੀ (ਟ੍ਰਾਈ) ਤੋਂ ਆਪ੍ਰੇਟਰਾਂ ਉੱਤੇ ਦਬਾਅ ਬਣ ਰਿਹਾ ਹੈ ਕਿ ਉਹ ਇਸ ਮਿਆਦ ਦੌਰਾਨ ਸਾਰੇ ਪ੍ਰੀਪੇਡ ਕੁਨੈਕਸ਼ਨਾਂ ਦੀ ਮਿਆਦ ਵਧਾਉਣ। ਰਿਲਾਇੰਸ ਜਿਓ ਨੇ ਗੂਗਲ ਪਲੇਅ ਸਟੋਰ ਉੱਤੇ ਜਿਓਪੀਓਐੱਸ ਲਾਇਫ਼ ਐੱਪ ਪੇਸ਼ ਕੀਤਾ ਹੈ। ਗਾਹਕ ਇਸ ਐਪ ਨੂੰ ਡਾਊਨਲੋਡ ਕਰ ਕੇ ਉਸ ਦੇ ਨੈਟਵਰਕ ਤੋਂ ਹੋਰ ਗਾਹਕਾਂ ਦੇ ਫ਼ੋਨ ਰਿਚਾਰਜ ਕਰ ਸਕਦੇ ਹਨ।
ਜਾਣਕਾਰੀ ਮੁਤਾਬਕ ਇਸ ਵਿੱਚ ਸ਼ਾਮਲ ਹੋਣ ਦੀ ਫ਼ੀਸ 1,000 ਰੁਪਏ ਹੈ, ਪਰ ਸ਼ੁਰੂਆਤੀ ਪੇਸ਼ਕਸ਼ ਦੇ ਤਹਿਤ ਇਸ ਨੂੰ ਮੁਆਫ਼ ਕਰ ਦਿੱਤਾ ਗਿਆ ਹੈ। ਇਸ ਐੱਪ ਨੂੰ ਡਾਊਨਲੋਡ ਕਰਨ ਵਾਲੇ ਜਿਓ ਦੇ ਗਾਹਕ ਨੂੰ ਪਹਿਲੀ ਵਾਰ ਘੱਟੋ-ਘੱਟ 1,000 ਰੁਪਏ ਪਾਉਣੇ ਪੈਣਗੇ। ਉਸ ਤੋਂ ਬਾਅਦ ਉਹ ਘੱਟੋ-ਘੱਟ 200 ਰੁਪਏ ਮੁੱਲ ਦੇ ਰਿਚਾਰਚ ਨੂੰ ਲੋਡ ਕਰ ਸਕਣਗੇ।
(ਪੀਟੀਆਈ)