ਮੁੰਬਈ: ਸਿਰਫ਼ ਭਾਰਤ ਹੀ ਨਹੀਂ ਸਗੋਂ ਪੂਰੇ ਏਸ਼ੀਆ ਦੇ ਸੱਭ ਤੋਂ ਅਮੀਰ ਵਿਅਕਤੀ ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਦਾ ਨਾਂਅ ਹੁਣ ਵਿਸ਼ਵ ਦੇ 10 ਅਰਬਪਤੀਆਂ ਵਿੱਚ ਸ਼ਾਮਲ ਹੋ ਗਿਆ ਹੈ। ਪਿਛਲੇ ਦੋ ਮਹੀਨਿਆਂ ਵਿੱਚ ਆਪਣੀ ਕੰਪਨੀ ਦੇ ਡਿਜੀਟਲ ਪਲੇਟਫਾਰਮ ਰਿਲਾਇੰਸ ਜੀਓ ਵਿੱਚ ਵਿਦੇਸ਼ੀ ਨਿਵੇਸ਼ ਅਤੇ ਕਈ ਗਲੋਬਲ ਕੰਪਨੀਆਂ ਨਾਲ ਵਪਾਰਕ ਸੌਦੇ ਤੋਂ ਬਾਅਦ ਅੰਬਾਨੀ ਦੁਨੀਆ ਦੇ ਪਹਿਲੇ 10 ਅਰਬਪਤੀਆਂ ਦੀ ਸੂਚੀ ਵਿੱਚ ਸ਼ਾਮਿਲ ਹੋ ਗਏ ਹਨ। ਇਸ ਸੂਚੀ ਵਿੱਚ ਉਹ ਇਕਲੌਤੇ ਏਸ਼ੀਆਈ ਵਿਅਕਤੀ ਹਨ।
ਬਲੂਮਬਰਗ ਬਿਲੀਨੀਅਰਸ ਇੰਡੈਕਸ ਮੁਤਾਬਕ ਮੁਕੇਸ਼ ਅੰਬਾਨੀ ਦੀ ਕੁੱਲ ਜਾਇਦਾਦ 64.5 ਬਿਲੀਅਨ ਡਾਲਰ ਹੋ ਗਈ ਹੈ, ਜਿਸ ਨਾਲ ਉਹ ਵਿਸ਼ਵ ਦੇ 10 ਸਭ ਤੋਂ ਅਮੀਰ ਲੋਕਾਂ ਵਿੱਚ ਸ਼ਾਮਿਲ ਹੋ ਗਏ ਹਨ। ਦੱਸ ਦਈਏ ਕਿ ਉਨ੍ਹਾਂ ਦੀ ਕੰਪਨੀ ਨੇ ਸ਼ੁੱਕਰਵਾਰ ਨੂੰ ਪੂਰੀ ਤਰ੍ਹਾਂ ਕਰਜ਼ਾ ਮੁਕਤ ਹੋਣ ਦਾ ਐਲਾਨ ਕੀਤਾ ਸੀ। ਅੰਬਾਨੀ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਰਿਲਾਇੰਸ ਨੇ ਆਪਣਾ ਟੀਚਾ ਸਮੇਂ ਤੋਂ ਪਹਿਲਾਂ ਪੂਰਾ ਕਰ ਲਿਆ ਹੈ। ਕੰਪਨੀ ਦਾ ਹੁਣ ਉਸ ਦੀ ਕੁੱਲ ਜਾਇਦਾਦ 'ਤੇ ਕੋਈ ਕਰਜ਼ਾ ਨਹੀਂ ਹੈ। ਰਿਲਾਇੰਸ ਨੇ 31 ਮਾਰਚ 2021 ਤੱਕ ਕਰਜ਼ਾ ਮੁਕਤ ਹੋਣ ਦਾ ਟੀਚਾ ਮਿੱਥਿਆ ਸੀ।