ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਮੰਗਲਵਾਰ ਨੂੰ ਕਿਹਾ ਕਿ ਕੰਪਨੀ ਨੇ ਹਰਿਆਣਾ ਦੇ ਮਨੇਸਰ ਪਲਾਂਟ 'ਚ ਮੁੜ ਤੋਂ ਕੰਮ ਸ਼ੁਰੂ ਕਰ ਦਿੱਤਾ ਹੈ। ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਲਾਗੂ ਕੀਤੀ ਤਾਲਾਬੰਦੀ ਕਾਰਨ ਇਹ ਪਲਾਂਟ ਲਗਭਗ 40 ਦਿਨਾਂ ਤੋਂ ਬੰਦ ਪਿਆ ਸੀ।
ਕੰਪਨੀ ਦੇ ਮਨੇਸਰ ਅਤੇ ਗੁਰੂਗ੍ਰਾਮ ਪਲਾਂਟ ਵਿਖੇ ਸੰਚਾਲਨ ਨੂੰ 22 ਮਾਰਚ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਮਾਰੂਤੀ ਸੁਜ਼ੂਕੀ ਇੰਡੀਆ ਦੇ ਪ੍ਰਧਾਨ ਆਰ ਸੀ ਭਾਰਗਵ ਨੇ ਕਿਹਾ, "ਮਨੇਸਰ ਪਲਾਂਟ ਵਿਖੇ ਉਤਪਾਦਨ ਸ਼ੁਰੂ ਹੋ ਗਿਆ ਹੈ ਅਤੇ ਪਹਿਲੀ ਕਾਰ ਅੱਜ (ਮੰਗਲਵਾਰ) ਤਿਆਰ ਹੋਵੇਗੀ।"
ਉਨ੍ਹਾਂ ਕਿਹਾ ਕਿ ਇਸ ਵੇਲੇ 75 ਪ੍ਰਤੀਸ਼ਤ ਕਰਮਚਾਰੀਆਂ ਨਾਲ ਇੱਕੋ ਸ਼ਿਫਟ ਵਿੱਚ ਕੰਮ ਸ਼ੁਰੂ ਕੀਤਾ ਜਾਵੇਗਾ। ਇਹ ਪੁੱਛਣ 'ਤੇ ਕਿ ਕਦੋਂ ਤੱਕ ਕੰਮ ਪੂਰੀ ਸਮਰੱਥਾ ਨਾਲ ਸ਼ੁਰੂ ਹੋਵੇਗਾ ਤਾਂ ਭਾਰਗਵ ਨੇ ਕਿਹਾ ਕਿ ਇਹ ਸਰਕਾਰ ਦੇ ਨਿਯਮਾਂ 'ਤੇ ਨਿਰਭਰ ਕਰੇਗਾ, ਜਿਵੇਂ ਕਿ ਦੋ ਸ਼ਿਫਟਾਂ ਦੀ ਆਗਿਆ ਕਦੋਂ ਦਿੱਤੀ ਜਾਵੇਗੀ, ਕਦੋਂ ਕਰਮਚਾਰੀਆਂ ਦੀ ਗਿਣਤੀ ਵਧੇਗੀ ਅਤੇ ਸਪਲਾਈ ਲੜੀ ਨੂੰ ਸੁਚਾਰੂ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ: ਚੋਣਵੀਆਂ ਰੇਲ ਸੇਵਾਵਾਂ ਦੀ ਸੁਰੂਆਤ ਨਾਲ ਆਈਆਰਸੀਟੀਸੀ ਦੇ ਸ਼ੇਅਰਾਂ 'ਚ 5 ਫੀਸਦੀ ਦਾ ਵਾਧਾ
ਗੁਰੂਗ੍ਰਾਮ ਪਲਾਂਟ ਦੇ ਸ਼ੁਰੂ ਹੋਣ ਬਾਰੇ ਉਨ੍ਹਾਂ ਕਿਹਾ,"ਕੰਮ ਉੱਥੇ ਵੀ ਸ਼ੁਰੂ ਹੋਵੇਗਾ, ਪਰ ਅਜੇ ਨਹੀਂ।" ਹਰਿਆਣਾ ਸਰਕਾਰ ਨੇ 22 ਅਪ੍ਰੈਲ ਨੂੰ ਕੰਪਨੀ ਨੂੰ ਮਨੇਸਰ ਨਿਰਮਾਣ ਪਲਾਂਟ ਨੂੰ ਮੁੜ ਚਾਲੂ ਕਰਨ ਦੀ ਆਗਿਆ ਦਿੱਤੀ ਸੀ, ਪਰ ਕੰਪਨੀ ਨੇ ਕਿਹਾ ਸੀ ਕਿ ਉਹ ਉਦੋਂ ਹੀ ਕੰਮ ਸ਼ੁਰੂ ਕਰੇਗੀ ਜਦੋਂ ਵਾਹਨਾਂ ਦੇ ਉਤਪਾਦਨ ਅਤੇ ਵਿਕਰੀ ਦੀ ਨਿਰੰਤਰਤਾ ਸੰਭਵ ਹੋ ਸਕੇਗੀ।