ਨਵੀਂ ਦਿੱਲੀ: ਵੀਰਵਾਰ ਨੂੰ ਕੰਪਨੀ ਨੇ ਵੇਰੀਜ਼ਾਨ ਅਤੇ ਐਮਾਜ਼ਾਨ ਦੇ ਵੋਡਾਫ਼ੋਨ ਆਈਡੀਆ ਵਿੱਚ ਨਿਵੇਸ਼ ਦੀਆਂ ਖ਼ਬਰਾਂ ਨੂੰ ਖ਼ਾਰਜ ਕਰ ਦਿੱਤਾ। ਕੰਪਨੀ ਨੇ ਕਿਹਾ ਕਿ ਫਿਲਹਾਲ ਇਸ ਦੇ ਬੋਰਡ ਆਫ਼ ਡਾਇਰੈਕਟਰਜ਼ ਸਾਹਮਣੇ ਅਜਿਹਾ ਕੋਈ ਪ੍ਰਸਤਾਵ ਨਹੀਂ ਹੈ।
ਕੁਝ ਮੀਡੀਆ ਰਿਪੋਰਟਾਂ ਵਿੱਚ, ਐਮਾਜ਼ਾਨ ਅਤੇ ਵੇਰੀਜ਼ਾਨ ਦੀ ਵੋਡਾਫੋਨ ਆਈਡੀਆ ਲਿਮਟਿਡ ਵਿੱਚ 4 ਅਰਬ ਡਾਲਰ ਤੋਂ ਵੱਧ ਦੇ ਨਿਵੇਸ਼ ਦੀ ਸੰਭਾਵਨਾ ਜਤਾਈ ਗਈ ਹੈ।
ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ 'ਚ ਕੰਪਨੀ ਨੇ ਕਿਹਾ ਕਿ ਇਹ ਜਾਣਕਾਰੀ ਜਨਤਕ ਕਰਨ ਲਈ ਮਾਰਕੀਟ ਰੈਗੂਲੇਟਰ ਸਕਿਉਰਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਦੇ ਨਿਯਮਾਂ ਦੀ ਪਾਲਣਾ ਕਰਦੀ ਹੈ। ਇਸ ਲਈ ਬੋਰਡ ਆਫ਼ ਡਾਇਰੈਕਟਰਜ਼ ਦੇ ਸਾਹਮਣੇ ਵਿਚਾਰ ਕਰਨ ਦੇ ਲਈ ਜਿੰਨੇ ਪ੍ਰਸਤਾਵ ਹੁੰਦੇ ਹਨ ਉਨ੍ਹਾਂ ਨੂੰ ਜਨਤਕ ਕੀਤਾ ਜਾਂਦਾ ਹੈ।
ਕੰਪਨੀ ਨੇ ਕਿਹਾ, "ਇੱਕ ਕਾਰਪੋਰੇਟ ਰਣਨੀਤੀ ਦੇ ਰੂਪ ਵਿੱਚ ਕੰਪਨੀ ਨਿਯਮਤ ਤੌਰ 'ਤੇ ਭਵਿੱਖੀ ਵਿੱਚ ਵੱਖ-ਵੱਖ ਮੌਕਿਆਂ ਦਾ ਮੁਲਾਂਕਣ ਕਰਦੀ ਹੈ ਤਾਂ ਜੋ ਸ਼ੇਅਰ ਧਾਰਕਾਂ ਦਾ ਮੁੱਲ ਵਧਾਇਆ ਜਾ ਸਕੇ। ਮੀਡੀਆ ਵਿੱਚ ਜਿਸ ਤਰ੍ਹਾਂ ਦੀਆਂ ਖ਼ਬਰਾਂ ਹਨ, ਇਸ ਕਿਸਮ ਦੀ ਕੋਈ ਤਜਵੀਜ਼ ਵਿਚਾਰ ਵਟਾਂਦਰੇ ਲਈ ਬੋਰਡ ਦੇ ਸਾਹਮਣੇ ਨਹੀਂ ਹੈ।
ਬੰਬੇ ਸ਼ੇਅਰ ਬਾਜ਼ਾਰ ਐਕਸਚੇਂਜ ਦੇ ਇਸ ਮਾਮਲੇ 'ਚ ਸਪਸ਼ਟੀਕਰਨ ਮੰਗਣ ਤੋਂ ਬਾਅਦ ਕੰਪਨੀ ਦਾ ਇਹ ਬਿਆਨ ਆਇਆ ਹੈ।
ਦੱਸਣਯੋਗ ਹੈ ਕਿ ਵੋਡਾਫ਼ੋਨ ਇੰਡੀਆ ਲਿਮਟਿਡ ਨੂੰ ਸੁਪਰੀਮ ਕੋਰਟ ਨੇ ਐਡਜਸਟਡ ਗਰੋਸ ਇਨਕਮ (ਏਜੀਆਰ) ਦੇ ਵੱਡੇ ਬਕਾਏ ਦੀ ਅਦਾਇਗੀ ਲਈ ਦੱਸ ਸਾਲ ਦਿੱਤੇ ਹਨ। ਕੰਪਨੀ ਨੂੰ ਇਸ ਦਾ 10 ਫ਼ੀਸਦ ਮੌਜੂਦਾ ਵਿੱਤੀ ਵਰ੍ਹੇ 'ਚ ਅਤੇ ਬਾਕੀ 10 ਸਾਲਾਂ ਵਿੱਚ 10 ਕਿਸ਼ਤਾਂ ਰਾਹੀਂ ਅਦਾ ਕਰਨਾ ਹੈ।
ਵੋਡਾਫ਼ੋਨ ਆਈਡੀਆ 'ਤੇ 58,000 ਕਰੋੜ ਰੁਪਏ ਤੋਂ ਵੱਧ ਦਾ ਏਜੀਆਰ ਬਕਾਇਆ ਹੈ। ਇਸ 'ਚੋਂ ਕੰਪਨੀ ਨੇ ਹੁਣ ਤੱਕ 7,854 ਕਰੋੜ ਰੁਪਏ ਦੀ ਅਦਾਇਗੀ ਕੀਤੀ ਹੈ।