ਨਵੀਂ ਦਿੱਲੀ : ਮਸ਼ਹੂਰ ਕੰਪਨੀ ਗੂਗਲ ਨੇ ਸ਼ੁੱਕਰਵਾਰ ਨੂੰ ਸੰਜੇ ਗੁਪਤਾ ਨੂੰ ਭਾਰਤ ਵਿੱਚ ਕੰਪਨੀ ਦੇ ਕਾਰੋਬਾਰ ਅਤੇ ਵਿਕਰੀ ਲਈ ਨਵਾਂ ਦੇਸ਼ ਮੈਨੇਜ਼ਰ ਅਤੇ ਉਪ-ਪ੍ਰਧਾਨ ਨਿਯੁਕਤ ਕੀਤਾ ਗਿਆ। ਸੰਜੇ ਗੁਪਤਾ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਇਹ ਜਿੰਮੇਵਾਰੀ ਸੰਭਾਲਣਗੇ। ਉਹ ਗੁਰੂਗ੍ਰਾਮ, ਹੈਦਰਾਬਾਦ ਅਤੇ ਬੈਂਗਲੁਰੂ ਦੀਆਂ ਟੀਮਾਂ ਦੇ ਨਾਲ ਮਿਲ ਕੇ ਕੰਮ ਕਰਨਗੇ।
ਗੂਗਲ ਮੁਤਾਬਕ, ਗੁਪਤਾ ਦੇਸ਼ ਵਿੱਚ ਇੰਟਰਨੈੱਟ ਈਕੋਸਿਸਟਮ ਦਾ ਵਿਸਥਾਰ ਕਰਨਗੇ, ਗਾਹਕਾਂ ਅਤੇ ਕਾਰੋਬਾਰ ਵਿਚਕਾਰ ਇੰਟਰਨੈੱਟ ਅਪਣਾਉਣ ਅਤੇ ਨਵੀਨਤਾ ਵਿੱਚ ਤੇਜ਼ੀ ਲਿਆਉਣ ਲਈ ਕੰਪਨੀ ਦੀਆਂ ਚੱਲ ਰਹੀਆਂ ਕੋਸ਼ਿਸ਼ਾਂ ਵਿੱਚ ਯੋਗਦਾਨ ਦੇਣਗੇ।
ਗੂਗਲ ਵਿੱਚ ਏਪੀਏਸੀ ਦੇ ਪ੍ਰਧਾਨ ਸਕਾਟ ਬਿਓਮੋਂਟ ਨੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤ ਵਿੱਚ ਚੱਲ ਰਿਹਾ ਸਾਡਾ ਵਪਾਰ ਭਾਰਤ ਵਿੱਚ ਹੀ ਨਹੀਂ, ਬਲਕਿ ਦੁਨੀਆਂ ਭਰ ਵਿੱਚ ਗੂਗਲ ਦੀ ਵਰਤੋਂ ਕਰਨ ਵਾਲਿਆਂ ਲਈ ਮਾਣ ਦਾ ਸੋਮਾ ਹੈ। ਸਾਡਾ ਭਾਰਤੀ ਕਾਰੋਬਾਰ ਆਪਣੇ ਆਪ ਲਈ ਅਤੇ ਉਸ ਨਵੀਨਤਾ ਲਈ ਵੀ ਮਹੱਤਵਪੂਰਨ ਹੈ, ਜੋ ਗੂਗਲ ਵਿੱਚ ਹੋਰ ਸਫ਼ਲਤਾਵਾਂ ਨੂੰ ਅੱਗੇ ਵਧਾਉਂਦਾ ਹੈ। ਸੰਜੇ ਨੂੰ ਸਾਡੇ ਨਾਲ ਜੁੜਣ ਉੱਤੇ ਸਾਨੂੰ ਖ਼ੁਸ਼ੀ ਹੈ।
ਉਨ੍ਹਾਂ ਨੇ ਕਿਹਾ ਕਿ ਅਸੀਂ ਉਨ੍ਹਾਂ ਦੀ ਵਿਸ਼ੇਸਤਾ, ਅਨੁਭਵ ਅਤੇ ਅਗਵਾਈ ਨੂੰ ਆਪਣੀਆਂ ਟੀਮਾਂ ਦੇ ਨਾਲ ਮਿਲਾਉਣ ਅਤੇ ਉਸ ਆਧੁਨਿਕ ਗਤੀਸ਼ੀਲ, ਮੁਕਾਬਲੇ ਅਤੇ ਰੁਮਾਂਚਕ ਡਿਜ਼ਿਟਲ ਅਰਥ-ਵਿਵਸਥਾ ਵਿੱਚ ਆਪਣੀਆਂ ਮੌਜੂਦਾ ਕੋਸ਼ਿਸ਼ਾਂ ਨੂੰ ਅੱਗੇ ਵਧਾਉਣ ਲਈ ਉਤਸ਼ਾਹਿਤ ਹਾਂ। ਅਸੀਂ ਭਾਰਤ ਵਿੱਚ ਸਾਰਿਆਂ ਲਈ ਇੱਕ ਜ਼ਿਆਦਾ ਲਾਭਦਾਇਕ ਅਤੇ ਸ਼ਾਮਲ ਇੰਟਰਨੈੱਟ ਦਾ ਨਿਰਮਾਣ ਕਰਨਾ ਚਾਹੁੰਦੇ ਹਾਂ।