ਹੈਦਰਾਬਾਦ : ਭਾਰਤ ਅਮਰੀਕਾ ਦੇ ਰਾਸ਼ਟਰਪਤੀ ਦੀ ਮੇਜ਼ਬਾਨੀ ਕਰਨ ਦੀਆਂ ਤਿਆਰੀਆਂ ਕਰ ਰਿਹਾ ਹੈ। ਡੋਨਲਡ ਟਰੰਪ ਆਪਣੇ ਦੋ ਦਿਨਾਂ ਦੌਰੇ ’ਤੇ 24 ਫ਼ਰਵਰੀ ਨੂੰ ਭਾਰਤ ਪੁੱਜਣਗੇ। ਇਸ ਦੌਰੇ ਦੇ ਨਾਲ ਦੋਵਾਂ ਮੁਲਕਾਂ ਵਿਚਲੀ ਰਣਨੀਤਕ ਭਾਈਵਾਲਤਾ ਹੋਰ ਵੀ ਮਜ਼ਬੂਤ ਹੋਵੇਗੀ। ਵਪਾਰ, ਰੱਖਿਆ ਅਤੇ ਪੁਲਾੜ ਸਮੇਤ ਕਈ ਸਾਰੇ ਖੇਤਰਾਂ ਵਿੱਚ ਬਹੁਤ ਸਾਰੇ ਮਹੱਤਵਪੂਰਣ ਦੁਪੱਖੀ ਸਮਝੌਤੇ ਕੀਤੇ ਜਾਣ ਦੇ ਵੀ ਆਸਾਰ ਹਨ। ਇਸ ਦੌਰੇ ਦੇ ਮੱਦੇਨਜ਼ਰ, ਕਈ ਸਾਰੇ ਨੁਕਤੇ ਦੇਸ਼ ਦੇ ਕੋਨੇ-ਕੋਨੇ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ।
ਸਾਰੀਆਂ ਨਜ਼ਰਾਂ ਦੋਵਾਂ ਦੇਸ਼ਾਂ ਦਰਮਿਆਨ ਹੋਣ ਵਾਲੇ ਸੰਭਾਵੀ ਵਪਾਰਕ ਸੌਦਿਆਂ ਤੇ ਸਮਝੌਤਿਆਂ ’ਤੇ ਟਿੱਕੀਆਂ ਹੋਈਆਂ ਹਨ। ਕਿਆਸਰਾਈਆਂ ਹਨ ਕਿ ਇਸ ਦੌਰੇ ਦੇ ਦੌਰਾਨ ਭਾਰਤ–ਅਮਰੀਕਾ ਵਪਾਰ ਸਮਝੌਤਾ ਮੁਕੱਰਰ ਹੋ ਜਾਵੇਗਾ। ਟਰੰਪ ਦਾ ਇਹ ਕਹਿਣਾ ਹੈ ਕਿ ਜੇਕਰ ਇਹ ਇੱਕ ਸਹੀ ਸੌਦਾ ਸਾਬਿਤ ਹੁੰਦਾ ਹੈ ਤਾਂ ਉਸ ਦੇ ਆਇੰਦਾ ਦੌਰੇ ਦੌਰਾਨ, ਭਾਰਤ ਨਾਲ ਇਸ ਸਮਝੌਤੇ ਦੇ ਸਿਰੇ ਚੜਨ ਦੀ ਭਰਪੂਰ ਸੰਭਾਵਨਾ ਹੈ।
ਦੋਵਾਂ ਮੁਲਕਾਂ ਦੇ ਦਰਮਿਆਨ ਇਸ ਸਬੰਧੀ ਵਿਸਤ੍ਰਤ ਗੱਲਬਾਤ ਚੱਲ ਰਹੀ ਹੈ। ਭਾਰਤ ਦੀ ਮੰਗ ਹੈ ਕਿ ਸਟੀਲ ਅਤੇ ਅਲਮੀਨੀਅਮ ਉਤਪਾਦਾਂ ’ਤੇ ਲਾਏ ਭਾਰੇ ਮਹਿਸੂਲਾਂ ਨੂੰ ਹਟਾ ਦੇਵੇ ਅਤੇ ਇਸ ਦੇ ਨਾਲ ਹੀ Generalized System of Preferences (GSP) ਦੇ ਰਾਹੀਂ ਭਾਰਤ ਵਾਸਤੇ ਤਰਜੀਹੀ ਮਹਿਸੂਲ ਪ੍ਰਣਾਲੀ ਨੂੰ ਮੁੱੜ ਤੋਂ ਸ਼ੁਰੂ ਕਰੇ। ਭਾਰਤ, ਅਮਰੀਕੀ ਮੰਡੀ ਵਿੱਚ ਖੇਤੀਬਾੜੀ, ਵਾਹਨਾਂ ਅਤੇ ਇੰਜਨੀਅਰੀ ਉਤਪਾਦਾਂ ਵਿੱਚ ਆਪਣਾ ਹਿੱਸਾ ਵਧਾਏ ਜਾਣ ’ਤੇ ਬਜਿੱਦ ਹੈ। ਦੂਜੇ ਪਾਸੇ, ਅਮਰੀਕਾ ਵੀ ਆਪਣੇ ਡੇਅਰੀ ਉਤਪਾਦਾਂ ਅਤੇ ਚਕਿਤਸਾ ਉਪਕਰਣਾਂ ਦਾ ਭਾਰਤੀ ਮਾਰਕਿਟ ਵਿੱਚ ਹਿੱਸਾ ਵਧਾਏ ਜਾਣ ਦੀ ਮੰਗ ਕਰ ਰਿਹਾ ਹੈ, ਅਤੇ ਇਸ ਦੇ ਨਾਲ ਹੀ ਉਹ ਸੂਚਨਾ ਅਤੇ ਸੰਚਾਰ ਤਕਨੀਕ ਦੇ ਉਤਪਾਦਾਂ ’ਤੇ ਵੀ ਭਾਰਤ ਵੱਲੋਂ ਲਾਏ ਜਾਂਦੇ ਆਯਾਤ ਮਹਿਸੂਲਾਂ ਨੂੰ ਘਟਾਏ ਜਾਣ ਦੀ ਮੰਗ ਵੀ ਕਰ ਰਿਹਾ ਹੈ।
ਹਾਲ ਹੀ ਦੇ ਵਿੱਚ, ਅਮਰੀਕਾ ਦੇ ਸਟੇਟ ਡਿਪਾਰਟਮੈਂਟ ਨੇ ਭਾਰਤ ਸਰਕਾਰ ਨੂੰ ਇੰਟਗਰੇਟਿਡ ਏਅਰ ਡਿਫ਼ੈਂਸ ਵੈਪਨ ਸਿਸਟਮ (Integrated Air Defense Weapon System [IADWS]) ਦੀ ਸੰਭਾਵਿਤ ਵਿਕਰੀ ਦੀ ਮੰਜ਼ੂਰੀ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਦੀ ਭਾਰਤ ਫ਼ੇਰੀ ਦੌਰਾਨ ਉਨ੍ਹਾਂ ਵੱਲੋਂ 186 ਕਰੋੜ ਡਾਲਰ ਦੀ ਕੀਮਤ ਵਾਲੇ ਇਸ ਸੌਦੇ ’ਤੇ ਦਸਤਖ਼ਤ ਕੀਤੇ ਜਾਣ ਦੇ ਆਸਾਰ ਹਣ। ਅਮਰੀਕੀ ਫ਼ਰਮ ਲੌਕਹੀਡ ਮਾਰਟਿਨ (Lockheed Martin) ਤੋਂ 24 ਬਹੁਮੰਤਵੀ ਐਮਐਚ 60 ਰੋਮਿਓ ਸੀਅਹੌਕ ਹੈਲੀਕਾਪਟਰਾਂ ਖਰੀਦੇ ਜਾਣ ਦੇ ਸਮਝੌਤੇ ਦੇ ਵੀ ਪੂਰ ਚੜਨ ਦੀ ਉਮੀਦ ਹੈ। ਇਸ ਸੌਦੀ ਦੀ ਕੀਮਤ 260 ਕਰੋੜ ਅਮਰੀਕੀ ਡਾਲਰ ਹੈ।