ਨਵੀਂ ਦਿੱਲੀ: ਟਾਟਾ ਮੋਟਰਸ ਨੇ ਬੀਤੇ ਸਾਲ ਭਾਵ ਕਿ 2019 ਚ ਆਪਣੀ ਛੋਟੀ ਕਾਰ ਨੈਨੋ ਦੀ ਇੱਕ ਵੀ ਕਾਰ ਦਾ ਉਤਪਾਦਨ ਨਹੀਂ ਕੀਤਾ ਤੇ ਨਾਲ ਹੀ ਸਿਰਫ ਫ਼ਰਵਰੀ ਮਹੀਨੇ ਚ ਕੰਪਣੀ ਨੈਨੋ ਦੀ ਸਿਰਫ਼ ਇੱਕ ਕਾਰ ਦੀ ਵਿੱਕਰੀ ਹੀ ਕਰ ਪਾਈ।
ਰਤਨ ਟਾਟਾ ਦਾ ਸੁਪਨਾ ਕਹੀ ਜਾਣ ਵਾਲੀ ਨੈਨੋ ਨੂੰ ਕੰਪਣੀ ਨੇ ਅਜੇ ਰਸਮੀ ਰੂਪ ਚ ਬਜ਼ਾਰ ਵਿੱਚੋਂ ਹਟਾਇਆ ਨਹੀਂ ਹੈ। ਸ਼ੇਅਰ ਬਜ਼ਾਰਾਂ ਨੂੰ ਭੇਜੀ ਸੂਚਨਾ ਚ ਕੰਪਣੀ ਨੇ ਕਿਹਾ ਕਿ ਦਸੰਬਰ, 2019 ਚ ਟਾਟਾ ਮੋਟਰਸ ਨੇ ਨੈਨੋ ਦੀ ਇੱਕ ਵੀ ਕਾਰ ਦਾ ਉਤਪਾਦਨ ਨਹੀਂ ਕੀਤਾ ਤੇ ਨਾਲ ਹੀ ਇੱਕ ਵੀ ਨੈਨੋ ਵੇਚੀ ਨਹੀਂ ਗਈ।
ਦਸੰਬਰ, 2018 ਵਿੱਚ ਕੰਪਨੀ ਨੇ 82 ਨੈਨੋ ਕਾਰਾਂ ਦਾ ਉਤਪਾਦਨ ਕੀਤਾ ਸੀ ਤੇ ਨਾਲ ਹੀ 88 ਨੈਨੋ ਕਾਰਾਂ ਦੀ ਵਿੱਕਰੀ ਕੀਤੀ ਸੀ। ਇਸੇ ਤਰ੍ਹਾਂ ਕੰਪਣੀ ਨੇ ਨਵੰਬਰ ਚ ਵੀ ਨੈਨੋ ਦੀ ਇੱਕ ਵੀ ਕਾਰ ਦਾ ਉਤਪਾਦ ਤੇ ਵਿੱਕਰੀ ਨਹੀਂ ਕੀਤੀ। ਜਦੋਂ ਕਿ ਨਵੰਬਰ 2018 ਵਿੱਚ ਨੈਨੋ ਦਾ ਉਤਪਾਦ 66 ਕਾਰਾਂ ਦਾ ਰਿਹਾ ਤੇ ਵਿੱਕਰੀ 77 ਕਾਰਾਂ ਦੀ ਰਹੀ।
ਇਸੇ ਤਰ੍ਹਾਂ ਅਕਤੂਬਰ ਵਿੱਚ ਵੀ ਨੈਨੋ ਦਾ ਉਤਪਾਦਨ ਤੇ ਵਿੱਕਰੀ ਨਹੀਂ ਹੋਈ, ਤੇ ਅਕਤੂਬਰ, 2018 ਚ ਕੰਪਣੀ ਨੇ ਨੈਨੋ ਦੀ 71 ਕਾਰਾਂ ਦਾ ਉਤਪਾਦ ਕੀਤਾ ਤੇ 54 ਕਾਰਾਂ ਦੀ ਵਿੱਕਰੀ ਕੀਤੀ ਸੀ। ਟਾਟਾ ਮੋਟਰਸ ਲਗਾਤਾਰ ਕਹਿੰਦੀ ਰਹੀ ਹੈ ਕਿ ਨੈਨੋ ਦੇ ਭਵਿੱਖ ਦੇ ਬਾਰੇ ਚ ਅਜੇ ਕੋਈ ਆਖ਼ਰੀ ਫ਼ੈਸਲਾ ਨਹੀਂ ਲਿਆ ਗਿਆ।
ਹਾਲਾਂਕਿ, ਕੰਪਣੀ ਨੇ ਮੰਨਿਆ ਹੈ ਕਿ ਮੌਜੂਦਾ ਰੂਪ ਵਿੱਚ ਨੈਨੋ ਸੁਰੱਖਿਆ ਨਿਯਮਾਂ ਅਤੇ ਬੀ ਐਸ 6 ਮਾਣਕਾਂ ਤੇ ਖ਼ਰੀ ਨਹੀਂ ਤਰੇਗੀ। ਟਾਟਾ ਮੋਟਰਸ ਨੇ ਨੈਨੋ ਨੂੰ ਜਨਵਰੀ, 2008 ਵਿੱਚ ਆਟੋ ਐਕਸਪੋ ਦੌਰਾਨ ਉਤਾਰਿਆ ਸੀ। ਉਸ ਵਕਤ ਟਾਟਾ ਸਮੂਹ ਦੇ ਪ੍ਰਮੁੱਖ ਰਤਨ ਟਾਟਾ ਨੇ ਨੈਨੋ ਨੂੰ ਲੋਕਾਂ ਕਾਰ ਕਿਹਾ ਸੀ। ਹਾਲਾਂਕਿ ਇਹ ਕਾਰ ਉਮੀਦਾਂ ਤੇ ਖ਼ਰੀ ਨਹੀਂ ਸਾਬਤ ਹੋਈ ਤੇ ਇਸਦੀ ਵਿੱਕਰੀ ਵਿੱਚ ਲਗਾਤਾਰ ਗਿਰਾਵਟ ਆਉਂਦੀ ਰਹੀ।