ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ H-1B ਵੀਜ਼ਾ ਅਤੇ ਹਰ ਰੋਜ਼ਗਾਰ ਅਧਾਰਤ ਕਈ ਵੀਜ਼ਾ ਪ੍ਰੋਗਰਾਮਾਂ ਉੱਤੇ ਅਸਥਾਈ ਤੌਰ 'ਤੇ ਰੋਕ ਲਗਾ ਦਿੱਤੀ ਹੈ। ਅਮਰੀਕਾ 'ਚ ਸਥਿਤ ਇੰਟਰਨੈਟ ਦੀ ਦਿੱਗਜ ਕੰਪਨੀ ਗੂਗਲ ਦੇ ਭਾਰਤੀ ਮੂਲ ਦੇ ਸੀਈਓ ਸੁੰਦਰ ਪਿਚਾਈ ਨੇ ਟਰੰਪ ਸਰਕਾਰ ਦੇ ਇਸ ਫੈਸਲੇ 'ਤੇ ਨਿਰਾਸ਼ਾ ਪ੍ਰਗਟਾਈ ਹੈ।
ਸੁੰਦਰ ਪਿਚਾਈ ਨੇ ਟਵੀਟ ਕਰਦਿਆਂ ਕਿਹਾ ਕਿ ਉਹ ਟਰੰਪ ਦੇ ਇਸ ਫੈਸਲੇ ਤੋਂ ਨਿਰਾਸ਼ ਹਨ ਅਤੇ ਉਨ੍ਹਾਂ ਦੀ ਕੰਪਨੀ ਪ੍ਰਵਾਸੀਆਂ ਨੂੰ ਮੌਕਾ ਦੇਣ ਲਈ ਹਮੇਸ਼ਾਂ ਤਿਆਰ ਰਹੇਗੀ।
ਪਿਚਾਈ ਨੇ ਆਪਣੇ ਟਵੀਟ ਵਿੱਚ ਲਿਖਿਆ, "ਪ੍ਰਵਾਸੀਆਂ ਨੇ ਅਮਰੀਕਾ ਦੀ ਆਰਥਿਕ ਸਫਲਤਾ ਵਿੱਚ ਵੱਡਾ ਯੋਗਦਾਨ ਪਾਇਆ ਹੈ। ਇਨ੍ਹਾਂ ਦੇ ਕਾਰਨ, ਅਮਰੀਕਾ ਤਕਨੀਕੀ ਉਦਯੋਗ ਵਿੱਚ ਇੱਕ ਗਲੋਬਲ ਲੀਡਰ ਬਣ ਗਿਆ ਹੈ। ਉਨ੍ਹਾਂ ਕਾਰਨ ਹੀ ਅੱਜ ਗੂਗਲ ਹੈ। ਅੱਜ ਦੇ ਫੈਸਲੇ ਨਾਲ ਨਿਰਾਸ਼ਾ ਹੋਈ, ਅਸੀਂ ਪ੍ਰਵਾਸੀਆਂ ਦੇ ਨਾਲ ਖੜੇ ਰਹਾਂਗੇ ਅਤੇ ਉਨ੍ਹਾਂ ਲਈ ਮੌਕੇ ਪੈਦਾ ਕਰਦੇ ਰਹਾਂਗੇ।"
ਦੱਸ ਦਈਏ ਕਿ ਸੋਮਵਾਰ ਨੂੰ ਟਰੰਪ ਨੇ ਤਕਨੀਕੀ ਪੇਸ਼ੇਵਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਜਾਰੀ ਕੀਤੇ ਗਏ ਐਚ1-ਬੀ ਅਤੇ ਐਚ-4 ਵੀਜ਼ਾ, ਕੰਪਨੀ ਵਿੱਚ ਅੰਦਰੂਨੀ ਟ੍ਰਾਂਸਫਰ ਲਈ L ਵੀਜ਼ਾ ਅਤੇ ਕੰਮ ਤੇ ਪੜ੍ਹਾਈ ਲਈ ਜਾਰੀ ਕੀਤਾ ਜਾਣ ਵਾਲਾ J ਵੀਜ਼ਾ ਪ੍ਰੋਗਰਾਮ ਨੂੰ ਇਸ ਸਾਲ ਦੇ ਅਖੀਰ ਤੱਕ ਮੁਅੱਤਲ ਕਰ ਦਿੱਤਾ ਹੈ। ਇਸ ਮਿਆਦ ਦੌਰਾਨ ਨਵੇਂ ਗ੍ਰੀਨ ਕਾਰਡ ਜਾਰੀ ਕਰਨ ਉੱਤੇ ਵੀ ਪਾਬੰਦੀ ਲਗਾਈ ਗਈ ਹੈ।
ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਟਰੰਪ ਨੇ ਇਸ ਸਾਲ ਦੇ ਅੰਤ ਤੱਕ ਐਚ-1 ਬੀ ਵੀਜ਼ਾ ਸਮੇਤ ਹੋਰ ਪ੍ਰਕਿਰਿਆਵਾਂ ਨੂੰ ਅਸਥਾਈ ਤੌਰ ਉੱਤੇ ਮੁਅੱਤਲ ਕਰਨ ਦਾ ਆਦੇਸ਼ ਜਾਰੀ ਕੀਤਾ ਹੈ। ਇਹ ਭਾਰਤੀ ਆਈਟੀ ਪੇਸ਼ੇਵਰਾਂ ਨੂੰ ਪ੍ਰਭਾਵਤ ਕਰ ਸਕਦਾ ਹੈ ਕਿਉਂਕਿ ਉਨ੍ਹਾਂ ਵਿਚ ਇਸ ਦੀ ਸਭ ਤੋਂ ਵੱਧ ਮੰਗ ਹੈ।