ਮੁੰਬਈ: ਉੱਚ ਮੁੱਲ ਦੇ ਲੈਣ-ਦੇਣ ਲਈ ਰੀਅਲ ਟਾਈਮ ਗ੍ਰਾਸ ਸੈਟਲਮੈਂਟ ਸਿਸਟਮ (ਆਰਟੀਜੀਐਸ) ਦੀ ਸੁਵਿਧਾ ਅੱਜ ਅੱਧੀ ਰਾਤ (12:30 ਵਜੇ) ਤੋਂ 24 ਘੰਟੇ ਉਪਲਬਧ ਹੋਵੇਗੀ। ਇਸ ਤਰ੍ਹਾਂ, ਭਾਰਤ ਦੁਨੀਆ ਦੇ ਉਨ੍ਹਾਂ ਕੁਝ ਦੇਸ਼ਾਂ ਵਿੱਚ ਸ਼ਾਮਲ ਹੋਵੇਗਾ ਜਿੱਥੇ ਆਰਟੀਜੀਐਸ 24/7 ਉਪਲੱਬਧ ਰਹੇਗੀ।
ਰਿਜ਼ਰਵ ਬੈਂਕ ਆਫ ਇੰਡੀਆ ਨੇ ਅਕਤੂਬਰ ਵਿੱਚ ਐਲਾਨ ਕੀਤਾ ਸੀ ਕਿ ਆਰਟੀਜੀਐਸ ਸਹੂਲਤ ਸਾਲ ਦੇ ਸਾਰੇ ਦਿਨ ਚੌਵੀ ਘੰਟੇ ਉਪਲੱਬਧ ਰਹੇਗੀ।
ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਟਵੀਟ ਕੀਤਾ, ਆਰਟੀਜੀਐਸ ਅੱਜ ਅੱਧੀ ਰਾਤ (12:30 ਵਜੇ) ਤੋਂ 24 ਘੰਟੇ ਚੱਲੇਗੀ। ਇਸ ਨੂੰ ਸੰਭਵ ਬਣਾਉਣ ਲਈ ਆਰਬੀਆਈ ਟੀਮ, ਆਈ.ਐਫ.ਟੀ.ਐੱਸ. ਅਤੇ ਸੇਵਾ ਸਹਿਭਾਗੀਆਂ ਨੂੰ ਵਧਾਈ।
ਇਸ ਦੇ ਨਾਲ, ਭਾਰਤ ਦੁਨੀਆ ਦੇ ਉਨ੍ਹਾਂ ਕੁਝ ਦੇਸ਼ਾਂ ਵਿੱਚ ਸ਼ਾਮਿਲ ਹੋ ਗਿਆ ਹੈ ਜੋ ਪੂਰੇ ਸਾਲ ਦੌਰਾਨ ਆਰਟੀਜੀਐਸ ਪ੍ਰਣਾਲੀ ਨੂੰ 24/7 ਚਲਾਉਂਦੇ ਹਨ। ਲਗਭਗ ਇੱਕ ਸਾਲ ਪਹਿਲਾਂ, ਰਿਜ਼ਰਵ ਬੈਂਕ ਨੇ ਐਨਈਐਫਟੀ (NEFT) ਦੇ ਕੰਮ-ਕਾਜ ਨੂੰ ਚੋਵੀ ਘੰਟੇ ਕੀਤਾ ਸੀ।
ਆਰਟੀਜੀਐਸ ਦੇ ਸੰਚਾਲਨ 26 ਮਾਰਚ 2004 ਨੂੰ ਚਾਰ ਬੈਂਕਾਂ ਨਾਲ ਸ਼ੁਰੂ ਹੋਇਆ ਸੀ। ਇਸ ਵੇਲੇ ਰੋਜ਼ਾਨਾ 237 ਸਹਿਭਾਗੀ ਬੈਂਕਾਂ ਵਿਚਾਲੇ 4.17 ਲੱਖ ਕਰੋੜ ਰੁਪਏ ਦੇ 6.35 ਲੱਖ ਟ੍ਰਾਂਜੈਕਸ਼ਨ ਹੁੰਦੇ ਹਨ। ਨਵੰਬਰ 2020 ਵਿੱਚ ਆਰਟੀਜੀਐਸ 'ਤੇ ਔਸਤਨ ਲੈਣ-ਦੇਣ ਦਾ ਆਕਾਰ 57.96 ਲੱਖ ਰੁਪਏ ਸੀ। ਇਸ ਤਰੀਕੇ ਨਾਲ ਇਹ ਅਸਲ ਵਿੱਚ ਵੱਡੀ ਕੀਮਤ ਅਦਾਇਗੀਆਂ ਦੀ ਇੱਕ ਬਿਹਤਰ ਪ੍ਰਣਾਲੀ ਸਾਬਤ ਹੋਈ ਹੈ।
ਆਰਟੀਜੀਐਸ ਵਿੱਤੀ ਲੈਣ ਦੇਣ ਲਈ ਵਧੀਆ ਮੈਸੇਜਿੰਗ ਸਟੈਂਡਰਡ ISO 20022 ਦੀ ਵਰਤੋਂ ਕਰਦਾ ਹੈ। ਆਰਟੀਜੀਐਸ ਵਿੱਚ, ਲਾਭਪਾਤਰੀ ਦੇ ਖਾਤੇ ਵਿੱਚ ਪਹੁੰਚਣ ਲਈ ਇੱਕ ਪੁਸ਼ਟੀਕਰਣ ਦੀ ਸਹੂਲਤ ਵੀ ਉਪਲਬਧ ਹੈ। ਸ਼ੁਰੂਆਤੀ ਦੌਰ ਵਿੱਚ ਰਿਜ਼ਰਵ ਬੈਂਕ ਨੇ NEFT ਅਤੇ RTGS ਪ੍ਰਣਾਲੀਆਂ ਦੁਆਰਾ ਲੈਣ-ਦੇਣ 'ਤੇ ਕੋਈ ਚਾਰਜ ਨਹੀਂ ਲਾਇਆ। ਇਹ ਕਦਮ ਦੇਸ਼ ਵਿੱਚ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਤ ਕਰਨ ਲਈ ਲਿਆ ਗਿਆ ਸੀ। ਇਸ ਤੋਂ ਇਲਾਵਾ ਰਿਜ਼ਰਵ ਬੈਂਕ ਨੇ ਬੈਂਕਾਂ ਨੂੰ ਇਸ ਦੇ ਲਾਭ ਗਾਹਕਾਂ ਨੂੰ ਦੇਣ ਲਈ ਕਿਹਾ ਸੀ। ਹੁਣ ਰਿਜ਼ਰਵ ਬੈਂਕ RTGS ਅਤੇ NEFT ਦੁਆਰਾ ਲੈਣ-ਦੇਣ ਲਈ ਬੈਂਕਾਂ 'ਤੇ ਘੱਟੋ ਘੱਟ ਫੀਸਾਂ ਲਗਾਉਂਦਾ ਹੈ। ਉਸੇ ਸਮੇਂ ਬੈਂਕ ਗ੍ਰਾਹਕਾਂ 'ਤੇ ਫੀਸ ਲਗਾਉਂਦੇ ਹਨ।