ਨਵੀਂ ਦਿੱਲੀ: ਰੈਸਟੋਰੈਂਟ ਚਲਾਉਣ ਵਾਲੇ ਸੰਗਠਨ ਐਨ.ਆਰ.ਏ.ਆਈ ਨੇ ਜ਼ੋਮੈਟੋ ਅਤੇ ਸਵਿਗੀ 'ਤੇ ਗੈਰ-ਪ੍ਰਤੀਯੋਗੀ ਗਤੀਵਿਧੀਆਂ 'ਚ ਸ਼ਾਮਲ ਹੋਣ ਦੇ ਇਲਜ਼ਾਮ ਲਗਾਏ ਹਨ। ਸੰਗਠਨ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਭੋਜਨ ਦਾ ਆਨਲਾਈਨ ਆਰਡਰ ਲੈਣ ਵਾਲੇ ਦੋਵਾਂ ਪਲੇਟਫਾਰਮਾਂ ਖਿਲਾਫ਼ ਪੂਰੀ ਜਾਂਚ ਲਈ ਭਾਰਤ ਦੇ ਪ੍ਰਤੀਯੋਗੀ ਕਮਿਸ਼ਨ (ਸੀਸੀਆਈ) ਨੂੰ ਅਰਜ਼ੀ ਦਿੱਤੀ ਹੈ।
ਨੈਸ਼ਨਲ ਰੈਸਟੋਰੈਂਟ ਐਸੋਸੀਏਸ਼ਨ ਆਫ ਇੰਡੀਆ (ਐਨ.ਆਰ.ਏ.ਆਈ) ਨੇ ਇਕ ਬਿਆਨ 'ਚ ਕਿਹਾ ਕਿ ਜ਼ੋਮੈਟੋ ਅਤੇ ਸਵਿਗੀ ਦੀਆਂ ਗੈਰ-ਮੁਕਾਬਲੇ ਵਾਲੀਆਂ ਗਤੀਵਿਧੀਆਂ ਰੈਸਟੋਰੈਂਟਾਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਉਨ੍ਹਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ ਸੀ.ਸੀ.ਆਈ ਨੂੰ ਇਸ ਸਬੰਧ 'ਚ 1 ਜੁਲਾਈ ਨੂੰ ਅਰਜ਼ੀ ਦਿੱਤੀ ਗਈ ਹੈ।
ਸੰਗਠਨ ਨੇ ਕਿਹਾ ਕਿ ਅਸੀ ਆਪਣੀ ਅਰਜ਼ੀ 'ਚ ਸਹੀ ਅੰਕੜਿਆਂ ਦੀ ਜਾਣਕਾਰੀ ਨਾ ਦੇਣਾ, ਵਧੇਰੇ ਕਮਿਸ਼ਨ ਲੈਣਾ, ਕਾਫ਼ੀ ਛੋਟ ਦੇਣਾ, ਪਲੇਟਫਾਰਮ ਦੀ ਨਿਰਪੱਖਤਾ ਦੇ ਨਿਯਮਾਂ ਦੀ ਉਲੰਘਣਾ ਅਤੇ ਪਾਰਦਰਸ਼ਤਾ ਦੀ ਘਾਟ ਵਰਗੇ ਮੁੱਦੇ ਚੁੱਕੇ ਹਨ।
ਐਨ.ਆਰ.ਏ.ਆਈ ਦੇ ਪ੍ਰਧਾਨ ਅਨੁਰਾਗ ਕਤਰਿਆਰ ਨੇ ਕਿਹਾ ਕਿ ਅਸੀਂ ਖੇਤਰ ਨੂੰ ਪ੍ਰਭਾਵਿਤ ਕਰਨ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਪਿਛਲੇ 15-18 ਮਹੀਨਿਆਂ 'ਚ ਜ਼ੋਮੈਟੋ ਅਤੇ ਸਵਿਗੀ ਨਾਲ ਲਗਾਤਾਰ ਗੱਲਬਾਤ ਕੀਤੀ ਹੈ।