ਨਵੀਂ ਦਿੱਲੀ: ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਵਿੱਤੀ ਖੇਤਰ ਦੀ ਸਥਿਤੀ ਦਾ ਜਾਇਜ਼ਾ ਲੈਣ ਅਤੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਪੈਦਾ ਸੰਕਟ ਦੇ ਵਿਚਕਾਰ ਉਦਯੋਗ ਜਗਤ ਨੂੰ ਉਤਸ਼ਾਹਿਤ ਕਰਨ ਦੇ ਲਈ ਚੁੱਕੇ ਜਾਣ ਵਾਲੇ ਕਦਮਾਂ ਉੱਤੇ ਚਰਚਾ ਕਰਨ ਦੇ ਲਈ ਬੈਂਕਾ ਦੇ ਮੁਖੀਆਂ ਦੇ ਨਾਲ ਸ਼ਨਿਚਰਵਾਰ ਨੂੰ ਬੈਠਕ ਕਰਨਗੇ। ਸੂਤਰਾਂ ਤੋਂ ਇਹ ਜਾਣਕਾਰੀ ਮਿਲੀ ਹੈ।
ਇਸ ਬੈਠਕ ਵਿੱਚ ਆਰਬੀਆਈ ਵੱਲੋਂ ਐਲਾਨੇ ਗਏ ਉਪਾਆਂ ਦੇ ਲਾਗੂ ਹੋਣ ਦੀ ਸਮੀਖਿਆ ਕੀਤੀ ਜਾਵੇਗੀ। ਇਸ ਵਿੱਚ ਵਿਆਜ ਦਰ ਵਿੱਚ ਸੋਧ ਅਤੇ ਗਾਹਕਾਂ ਤੱਕ ਇਸ ਦਾ ਲਾਭ ਪੁਹੰਚਣ ਦੇ ਨਾਲ ਹੀ ਉਦਯੋਗ ਜਗਤ ਦੀ ਮਦਦ ਦੇ ਲਈ ਨਕਦੀ ਪਾਉਣ ਦੇ ਲਈ ਕੀਤੇ ਗਏ ਉਪਾਅ ਸ਼ਾਮਲ ਹਨ।
ਸੰਕਟ ਨਾਲ ਜੂਝ ਰਹੇ ਛੋਟੇ ਅਤੇ ਮਝੈਲੇ ਉਦਯੋਗ ਅਤੇ ਪੇਂਡੂ ਖੇਤਰ ਦੀ ਮਦਦ ਦੇ ਲਈ ਕੀਤੇ ਗਏ ਉਪਾਆਂ ਦੀ ਵੀ ਇਸ ਬੈਠਕ ਵਿੱਚ ਸਮੀਖਿਆ ਕੀਤੀ ਜਾਵੇਗੀ। ਇਸੇ ਦਰਮਿਆਨ, ਸਰਕਾਰ ਨੇ ਲੌਕਡਾਊਨ ਨੂੰ 4 ਮਈ ਤੋਂ 2 ਹੋਰ ਹਫ਼ਤਿਆਂ ਦੇ ਲਈ ਵਧਾਉਣ ਦਾ ਐਲਾਨ ਕੀਤਾ ਹੈ।