ਮੁੰਬਈ : ਸਾਊਦੀ ਅਰਬ ਵਿੱਚ ਕੱਚੇ ਤੇਲ ਦੇ ਉਤਪਾਦਨ ਪਲਾਂਟਾਂ ਉੱਤੇ ਹੋਏ ਹਮਲੇ ਤੋਂ ਬਾਅਦ ਤੇਲ ਦੀ ਪੂਰਤੀ ਵਿੱਚ ਰੁਕਾਵਟ ਕਾਰਨ ਆਉਣ ਵਾਲੇ 15 ਦਿਨਾਂ ਵਿੱਚ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 5 ਤੋਂ 6 ਰੁਪਏ ਦਾ ਵਾਧਾ ਹੋ ਸਕਦਾ ਹੈ। ਮਾਹਿਰਾਂ ਦਾ ਇਹ ਅਨੁਮਾਨ ਹੈ।
ਕੋਟਕ ਦੀ ਇੱਕ ਨਵੀਂ ਰਿਪੋਰਟ ਮੁਤਾਬਕ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਆਉਣ ਕਾਰਨ ਭਾਰਤ ਦੀਆਂ ਤੇਲ ਵਪਾਰਕ ਕੰਪਨੀਆਂ ਆਉਣ ਵਾਲੇ 15 ਦਿਨਾਂ ਵਿੱਚ ਡੀਜ਼ਲ ਅਤੇ ਗੈਸੋਲੀਨ ਦੀਆਂ ਕੀਮਤਾਂ ਵਿੱਚ 5 ਤੋਂ 6 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰ ਸਕਦੀਆਂ ਹਨ।
ਸਾਊਦੀ ਅਰਬ ਵਿੱਚ ਤੇਲ ਦੇ ਉਤਪਾਦਕ ਪਲਾਂਟਾਂ ਉੱਤੇ ਹੋਏ ਡਰੋਨ ਹਮਲੇ ਤੋਂ ਬਾਅਦ ਸੋਮਵਾਰ ਨੂੰ ਤੇਲ ਦੀਆਂ ਕੀਮਤਾਂ ਲਗਭਗ 20 ਫ਼ੀਸਦੀ ਦੇ ਵਾਧੇ ਨਾਲ 71 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਚਲਾ ਗਿਆ ਹੈ।
ਤੇਲ ਉਤਪਾਦਕ ਕੰਪਨੀ ਸਾਊਦੀ ਅਰਾਮਕੋ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਹਮਲੇ ਦੇ ਕਾਰਨ ਰੋਜ਼ਾਨਾ 57 ਲੱਖ ਬੈਰਲ ਤੇਲ ਦੇ ਉਤਪਾਦਨ ਵਿੱਚ ਰੁਕਾਵਟ ਆਈ ਹੈ।